ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਦੇਸ਼ ਦੀ ਵੱਧਦੀ ਆਬਾਦੀ 'ਤੇ ਫਿਕਰ ਪ੍ਰਗਟਾਉਂਦਿਆਂ ਕਿਹਾ ਹੈ ਕਿ ਆਉਂਦੇ 50 ਸਾਲਾਂ ਵਿੱਚ ਦੇਸ਼ ਦੀ ਜਨਸੰਖਿਆ 150 ਕਰੋੜ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਮਦੇਵ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵੱਧ ਬੱਚਿਆਂ ਵਾਲੇ ਦੀ ਵੋਟ ਕੱਟੀ ਜਾਵੇ।


ਰਾਮਦੇਵ ਨੇ ਕਿਹਾ ਹੈ ਕਿ ਅਸੀਂ ਫਿਲਹਾਲ ਇਸ ਤੋਂ ਵੱਧ ਜਨਸੰਖਿਆ ਨੂੰ ਸੰਭਾਲਣ ਦੇ ਸਮਰੱਥ ਨਹੀਂ ਹਾਂ। ਅਜਿਹੇ ਵਿੱਚ ਸਾਧਨਾਂ ਦੀ ਜਾਰੀ ਤੰਗੀ ਹੋਰ ਵੀ ਗੰਭੀਰ ਹੋ ਜਾਵੇਗੀ। ਰਾਮਦੇਵ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਬਾਦੀ ਕਾਬੂ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ।


ਯੋਗ ਗੁਰੂ ਨੇ ਸਲਾਹ ਦਿੱਤੀ ਹੈ ਕਿ ਸਰਕਾਰ ਕਾਨੂੰਨ ਬਣਾਵੇ ਕਿ ਤੀਜੇ ਬੱਚੇ ਤੋਂ ਬਾਅਦ ਕਿਸੇ ਨੂੰ ਵੋਟ ਕਰਨ ਦਾ ਹੱਕ ਨਾ ਰਹੇ। ਇੰਨਾ ਹੀ ਨਹੀਂ ਰਾਮਦੇਵ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਤੀਜੇ ਬੱਚੇ ਨੂੰ ਚੋਣ ਲੜਨ ਦਾ ਕੋਈ ਹੱਕ ਨਹੀਂ ਹੋਵੇਗਾ ਅਤੇ ਨਾ ਹੀ ਉਹ ਕੋਈ ਵੀ ਸਰਕਾਰੀ ਸਹੂਲਤ ਮਾਣ ਸਕੇਗਾ।

ਬੇਸ਼ੱਕ, ਰਾਮਦੇਵ ਦਾ ਇਹ ਬਿਆਨ ਵੱਧਦੀ ਆਬਾਦੀ ਨੂੰ ਕਾਬੂ ਕਰਨ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਪਰ ਨਾਲ ਹੀ ਉਨ੍ਹਾਂ ਦਾ ਇਹ ਬਿਆਨ ਮੋਦੀ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹੈ।