ਬਾਬਾ ਰਾਮਦੇਵ ਨੇ ਚੁੱਕੇ 'ਭਾਰਤ ਰਤਨ' ’ਤੇ ਸਵਾਲ
ਏਬੀਪੀ ਸਾਂਝਾ | 27 Jan 2019 03:27 PM (IST)
ਹਰਿਦੁਆਰ: ਯੋਗ ਗੁਰੂ ਬਾਬਾ ਰਾਮਦੇਵ ਨੇ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਭਾਰਤ ਰਤਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਆਜ਼ਾਦੀ ਦੇ 70 ਸਾਲ ਬਾਅਦ ਵੀ ਕੇਂਦਰ ਸਰਕਾਰ ਨੂੰ ਕੋਈ ਅਜਿਹਾ ਸਾਧੂ ਨਹੀਂ ਮਿਲਿਆ ਜਿਸ ਨੂੰ ਭਾਰਤ ਰਤਨ ਦਾ ਸਨਮਾਨ ਦਿੱਤਾ ਜਾ ਸਕੇ। ਉਨ੍ਹਾਂ ਸਵਾਲ ਚੁੱਕਿਆ ਹੈ ਕਿ ਕੀ ਹਾਲੇ ਤਕ ਕਿਸੇ ਸਾਧੂ ਨੇ ਦੇਸ਼ ਦੇ ਨਿਰਮਾਣ ਵਿੱਚ ਯੋਗਦਾਨ ਨਹੀਂ ਪਾਇਆ। ਦੱਸ ਦੇਈਏ ਕਿ ਹਾਲ ਪਰਸੋਂ ਹੀ ਪ੍ਰਣਬ ਮੁਖਰਜੀ, ਨਾਨਾਜੀ ਦੇਸ਼ਮੁਖ ਤੇ ਭੂਪੇਨ ਹਜਾਰਿਕਾ ਨੂੰ ਭਾਰਤ ਰਤਨ ਦੇਣ ਦਾ ਐਲਾਨ ਹੋਇਆ ਹੈ। ਸਵਾਮੀ ਰਾਮਦੇਵ ਨੇ ਕਿਹਾ ਹੈ ਕਿ ਆਜ਼ਾਦੀ ਦੇ 70 ਸਾਲਾਂ ਵਿੱਚ ਕੇਂਦਰ ਸਰਕਾਰ ਨੂੰ ਇੱਕ ਵੀ ਅਜਿਹਾ ਸੰਨਿਆਸੀ ਨਹੀਂ ਮਿਲਿਆ ਜਿਸ ਨੂੰ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਵਾਮੀ ਦਇਆਨੰਦ ਸਰਸਵਤੀ, ਸਵਾਮੀ ਸ਼ਰਧਾਨੰਦ, ਸਵਾਮੀ ਵਿਵੇਕਾਨੰਦ ਤੇ ਸਵਾਮੀ ਸ਼ਿਵ ਕੁਮਾਰ ਮਹਾਰਾਜ ਨੇ ਰਾਸ਼ਟਰ ਨਿਰਮਾਣ ਲਈ ਮਹਾਨ ਕਾਰਜ ਕੀਤੇ ਸਨ। ਰਾਮਦੇਵ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਗਲੇ ਗਣਤੰਤਰ ਦਿਵਸ ਮੌਕੇ ਕਿਸੇ ਸੰਨਿਆਸੀ ਨੂੰ ਵੀ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਪ੍ਰਣਬ ਮੁਖਰਜੀ ਦੇਸ਼ ਦੇ ਸੀਨੀਅਰ ਲੀਡਰ ਹਨ ਤੇ ਉਨ੍ਹਾਂ ਨੂੰ ਭਾਰਤ ਰਤਨ ਪੁਰਸਕੀਰ ਦਿੱਤੇ ਜਾਣ ਨਾਲ ਭਾਰਤ ਰਤਨ ਪੁਰਸਰਕਾਰ ਦਾ ਸਨਮਾਨ ਵਧਿਆ ਹੈ। ਹਾਲਾਂਕਿ ਉਨ੍ਹਾਂ ਨਾਨਾਜੀ ਦੇਸ਼ਮੁਖ ਤੇ ਪ੍ਰਸਿੱਧ ਗਾਇਕ ਭੂਪੇਨ ਹਜਾਰਿਕਾ ਨੂੰ ਭਾਰਤ ਰਤਨ ਦੇਣ ਦਾ ਵੀ ਸਵਾਗਤ ਕੀਤਾ।