ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ 'ਚ ਵੱਖ-ਵੱਖ ਹਿੱਸਿਆਂ 'ਚ ਤਿੰਨ ਮਈ ਤਕ ਲੌਕਡਾਊਨ ਜਾਰੀ ਹੈ। ਅਜਿਹੇ 'ਚ ਵਾਇਰਸ ਦਾ ਪਾਸਾਰ ਰੋਕਣ ਲਈ ਨਿਯਮ ਵੀ ਕਾਫ਼ੀ ਸਖ਼ਤ ਹਨ। ਸਰਕਾਰ ਨੇ ਸੜਕਾਂ 'ਤੇ ਥੁੱਕਣ 'ਤੇ ਰੋਕ ਲਾਈ ਹੋਈ ਹੈ। ਜੇਕਰ ਦਿੱਲੀ 'ਚ ਹੁਣ ਤੁਸੀਂ ਸੜਕ 'ਤੇ ਥੁੱਕਦੇ ਦਿਖਾਈ ਦਿੱਤੇ ਤਾਂ ਤੁਹਾਡੇ 'ਤੇ ਸਖ਼ਤ ਕਾਰਵਾਈ ਹੋਵੇਗੀ।


ਦਿੱਲੀ ਨਗਰ ਨਿਗਮ ਨੇ ਇਸਨੂੰ ਲੈਕੇ ਆਦੇਸ਼ ਜਾਰੀ ਕੀਤੇ ਹਨ। ਦਿੱਲੀ ਨਗਰ ਨਿਗਮ ਮੁਤਾਬਕ ਹੁਣ ਦਿੱਲੀ 'ਚ ਖੁੱਲ੍ਹੇਆਮ ਥੁੱਕਣ ਤੇ ਪਿਸ਼ਾਪ ਕਰਨ 'ਤੇ 1000 ਰੁਪਏ ਤਕ ਦਾ ਜ਼ੁਰਮਾਨਾ ਦੇਣਾ ਪਵੇਗਾ।





ਦਿੱਲੀ 'ਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਇਜ਼ਾਫ਼ਾ ਹੋ ਰਿਹਾ ਹੈ। ਮਹਾਰਾਸ਼ਟਰ ਤੋਂ ਬਾਅਦ ਦਿੱਲੀ ਦੂਜਾ ਅਜਿਹਾ ਸੂਬਾ ਹੈ ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਦਿੱਲੀ 'ਚ ਹੁਣ ਤਕ 1707 ਲੋਕ ਕੋਰੋਨਾ ਪੌਜ਼ਟਿਵ ਪਾਏ ਗਏ ਹਨ। ਇਨ੍ਹਾਂ 'ਚੋਂ 72 ਲੋਕ ਠੀਕ ਹੋਏ ਹਨ ਜਦਕਿ 42 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਹਜ਼ਾਰ ਤੋਂ ਪਾਰ ਪਹੁੰਚ ਗਏ ਹਨ। ਹੁਣ ਤਕ ਦੇਸ਼ 'ਚ ਕੁੱਲ 14,378 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ ਜਦਕਿ 1992 ਲੋਕ ਇਸ ਜੰਗ ਨੂੰ ਜਿੱਤ ਕੇ ਸਿਹਤਯਾਬ ਹੋਏ ਹਨ। ਭਾਰਤ 'ਚ ਇਸ ਖ਼ਤਰਨਾਕ ਵਾਇਰਸ ਕਾਰਨ 480 ਲੋਕਾਂ ਦੀ ਜਾਨ ਜਾ ਚੁੱਕੀ ਹੈ।