ਲੁਧਿਆਣਾ: ਜੰਮੂ ਕਸ਼ਮੀਰ ਪੁਲਿਸ ਨੇ ਸ੍ਰੀਨਗਰ ਵਿੱਚ ਲੁਧਿਆਣਾ ਦੇ ਯੂਥ ਅਕਾਲੀ ਲੀਡਰ ਦੀਪਕ ਸ਼ਰਮਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੀਪਕ ਉੱਥੋਂ ਦੇ ਲਾਲ ਚੌਕ ’ਤੇ ਭਾਰਤੀ ਝੰਡਾ ਫਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਮੁਤਾਬਕ ਅਤਿ ਸੰਵੇਦਨਸ਼ੀਲ ਇਲਾਕਾ ਹੋਣ ਦੀ ਵਜ੍ਹਾ ਕਰਕੇ ਕਾਨੂੰਨ ਵਿਵਸਥਾ ਭੰਗ ਨਾ ਹੋਣ ਦੇਣ ਲਈ ਅਜਿਹਾ ਕੀਤਾ ਗਿਆ ਹੈ।
ਦਰਅਸਲ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਫਿਦਾਈਨ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸੀ। ਇਸ ਦੇ ਬਾਅਦ ਦੇਸ਼ਭਰ ਵਿੱਚ ਤਣਾਓ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਵਿਚਾਲੇ ਦੀਪਕ ਸ਼ਰਮਾ ਵੀ ਸ੍ਰੀਨਗਰ ਪਹੁੰਚ ਗਿਆ। ਉਸ ਦਾ ਮਕਸਦ ਸ੍ਰੀਨਗਰ ਦੇ ਕਲਾਕ ਟਾਵਰ ਤੇ ਲਾਲ ਚੌਕ ’ਤੇ ਤਿਰੰਗਾ ਫਹਿਰਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਸੀ।
ਇਸ ਤੋਂ ਪਹਿਲਾਂ ਕਿ ਦੀਪਕ ਆਪਣੇ ਮਨਸੂਬੇ ਵਿੱਚ ਕਾਮਯਾਬ ਹੁੰਦਾ, ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਲ ਚੌਕ ਬੇਹੱਦ ਸੰਵੇਦਨਸ਼ੀਲ ਇਲਾਕਾ ਹੈ। ਉੱਥੇ ਇਸ ਤਰ੍ਹਾਂ ਦੀ ਕੋਈ ਵੀ ਕੋਸ਼ਿਸ਼ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਬੁਲਾਵਾ ਦੇ ਸਕਦੀ ਹੈ। ਇਸ ਲਈ ਯੂਥ ਅਕਾਲੀ ਲੀਡਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।