ਚੰਡੀਗੜ੍ਹ: ਚੋਣ ਕਮਿਸ਼ਨ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਅਜਿਹੀਆਂ ਖ਼ਬਰਾਂ ਫੈਲਾਉਣ ਵਾਲਿਆਂ ਦਾ ਪਤਾ ਲਾਉਣ ਲਈ ਕਿਹਾ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਐਨਆਰਆਈ ਆਗਾਮੀ ਚੋਣਾਂ ਵਿੱਚ ਆਨਲਾਈਨ ਵੋਟਿੰਗ ਕਰ ਸਕਦੇ ਹਨ। ਕਮਿਸ਼ਨ ਨੇ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਸ ਦੇ ‘ਲੋਗੋ’ ਦਾ ਇਸਤੇਮਾਲ ਕਰ ਕੇ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਕਮਿਸ਼ਨ ਨੇ ਕਿਹਾ ਕਿ ਫਰਜ਼ੀ ਖ਼ਬਰਾਂ ਫੈਲਾਉਣਾ ਆਈਪੀਸੀ ਦੀ ਧਾਰਾ 505 ਦੀ ਉਲੰਘਣਾ ਹੈ। ਇਸ ਧਾਰਾ ਦੇ ਤਹਿਤ ਲੋਕਾਂ ਵਿੱਚ ਅਫ਼ਵਾਹਾਂ ਫੈਲਾਉਣ ਨਾਲ ਸਬੰਧਿਤ ਮਾਮਲੇ ਦਰਜ ਕੀਤੇ ਜਾਂਦੇ ਹਨ।

ਕਮਿਸ਼ਨ ਦੇ ਇੱਕ ਬੁਲਾਰੇ ਨੇ ਨੇ ਬੁੱਧਵਾਰ ਨੂੰ ਕਿਹਾ ਕਿ ਕਿਸੇ ਐਨਆਰਆਈ ਨੂੰ ਇਸ ਤਰ੍ਹਾਂ ਦੀ ਸੁਵਿਧਾ ਨਹੀਂ ਦਿੱਤੀ ਗਈ। ਅਜਿਹਾ ਕਰਨ ਲਈ ਜਨ ਪ੍ਰਤੀਨਿਧਤਾ ਕਾਨੂੰਨ ਵਿੱਚ ਸੋਧ ਕਰਨ ਦੀ ਲੋੜ ਹੋਏਗੀ ਤੇ ਇਸ ਤਰ੍ਹਾਂ ਦੀ ਕੋਈ ਸੋਧ ਨਹੀਂ ਹੋਈ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਦੇ ਹਿਸਾਬ ਨਾਲ ਮੌਜੂਦਾ 3.10 ਕਰੋੜ ਐਨਆਰਆਈ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਹਨ।