ਰਾਵਲਪਿੰਡੀ: ਪੁਲਵਾਮਾ ਹਮਲੇ ਦੇ ਬਾਅਦ ਭਾਰਤ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕਾਰਵਾਈਆਂ ਕਰਕੇ ਪਾਕਿਸਤਾਨ ਕਾਫੀ ਬੁਖ਼ਲਾਹਟ ਵਿੱਚ ਆਇਆ ਹੋਇਆ ਹੈ। ਇਸ ਦਾ ਪਤਾ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਚਿਰਾਕੋਟ ਅਤੇ ਬਗਸਾਰ ਖੇਤਰਾਂ ਵਿੱਚ ਕੰਟਰੋਲ ਰੇਖਾ (ਐਲਓਸੀ) ਦੇ ਕੀਤੇ ਦੌਰੇ ਤੋਂ ਲੱਗਦਾ ਹੈ।
ਜਾਣਕਾਰੀ ਮੁਤਾਬਕ ਬਾਜਵਾ ਨੂੰ ਕਮਾਂਡਰਾਂ ਨੇ ਐਲਓਸੀ ਅਤੇ ਆਸਪਾਸ ਦੇ ਖੇਤਰਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਫੌਜ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਉਨ੍ਹਾਂ ਦੀ ਤਿਆਰੀ ਅਤੇ ਉੱਚ ਪੱਧਰ ਦੇ ਮਨੋਬਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇੱਕ ਸ਼ਾਂਤੀਪਸੰਦ ਦੇਸ਼ ਹੈ ਪਰ ਅਸੀਂ ਡਰਦੇ ਨਹੀਂ ਤੇ ਨਾ ਹੀ ਅਸੀਂ ਕਾਇਰ ਹਾਂ। ਉਨ੍ਹਾਂ ਕਿਹਾ ਕਿ ਕਿਸੇ ਵੀ ਕਾਰਵਾਈ ਦਾ ਮੂੰਹਤੋੜ ਜਵਾਬ ਦਿੱਤਾ ਜਾਏਗਾ।