ਚੰਡੀਗੜ੍ਹ: ਪੁਲਵਾਮਾ ਹਮਲੇ ਦੇ ਬਾਅਦ ਭਾਰਤ ਨੇ ਪਾਕਿਸਤਾਨ ਪ੍ਰਤੀ ਸਖ਼ਤ ਰੁਖ਼ ਅਪਣਾਇਆ ਹੋਇਆ ਹੈ। ਪਹਿਲਾਂ ਭਾਰਤ ਨੇ ਪਾਕਿਸਤਾਨੀ ਸਾਮਾਨ ’ਤੇ 200 ਫੀਸਦੀ ਕਸਟਮ ਡਿਊਟੀ ਲਾਈ ਅਤੇ ਹੁਣ ਪਾਕਿਸਤਾਨ ਦੇ ਵਣਜ ਮੰਤਰਾਲੇ ਨੇ ਵੀ ਸ਼ੁੱਕਰਵਾਰ ਨੂੰ ਭਾਰਤ ਤੋਂ ਜਾਣ ਵਾਲੀਆਂ 90 ਚੀਜ਼ਾਂ ਦੀ ਦਰਾਮਦ ’ਤੇ ਰੋਕ ਲਾ ਦਿੱਤੀ ਹੈ। ਸ਼ੁੱਕਰਵਾਰ ਨੂੰ ਆਈਸੀਪੀ ਅਟਾਰੀ ਤੋਂ ਨਾ ਤਾਂ ਕੋਈ ਟਰੱਕ ਪਾਕਿਸਤਾਨ ਗਿਆ ਤੇ ਨਾ ਹੀ ਕੋਈ ਸਾਮਾਨ ਨਾਲ ਲੱਦਿਆ ਟਰੱਕ ਪਾਕਿਸਤਾਨ ਤੋਂ ਭਾਰਤ ਆਇਆ।


ਦੂਜੇ ਪਾਸੇ ਸ੍ਰੀਨਗਰ ਸਰਹੱਦ ਦੇ ਰਸਤੇ ਚੱਲ ਰਹੇ ਬਾਰਟਰ ਟਰੇਡ ਜ਼ਰੀਏ 35 ਟਰੱਕ ਭਾਰਤ ਪਹੁੰਚੇ ਚੇ 35 ਟਰੱਕ ਹੀ ਭਾਰਤ ਵੱਲੋਂ ਪਾਕਿਸਤਾਨ ਰਵਾਨਾ ਕੀਤੇ ਗਏ। ਪਰ ਹੁਣ ਆਈਸੀਪੀ ਪੋਸਟ ’ਤੇ 65 ਟਰੱਕਾਂ ’ਤੇ ਲੱਦਿਆ ਸਾਮਾਨ ਫਸਿਆ ਹੋਇਆ ਹੈ। ਭਾਰਤ ਤੋਂ ਮਾਲ ਦੇ ਇੱਕ ਦੋ ਟਰੱਕ ਹੀ ਪਾਕਿਸਤਾਨ ਜਾ ਰਹੇ ਹਨ ਪਰ ਪਾਕਿਸਤਾਨ ਵੱਲੋਂ ਰੋਕ ਲਾਏ ਜਾਣ ਬਾਅਦ ਹੁਣ ਕੋਈ ਵੀ ਟਰੱਕ ਭਾਰਤ ਲਈ ਰਵਾਨਾ ਨਹੀਂ ਹੋਇਆ।

ਉੱਧਰ ਅਫ਼ਗ਼ਾਨਿਸਤਾਨ ਤੋਂ ਆਉਣ ਵਾਲਾ ਸਾਮਾਨ ਪਹਿਲਾਂ ਵਾਂਗ ਜਾਰੀ ਹੈ। ਇਸ ਸਬੰਧੀ ਕਾਰੋਬਾਰੀਆਂ ਨੇ ਕਿਹਾ ਹੈ ਕਿ ਸ੍ਰੀਨਗਰ ਸਰਹੱਦ ਦੇ ਰਾਹ ਹਾਲੇ ਪਹਿਲਾਂ ਵਾਂਗ ਵਪਾਰ ਚੱਲ ਰਿਹਾ ਹੈ ਕਿਉਂਕਿ ਉੱਥੇ ਉੱਥੇ ਉਤਪਾਦਾਂ ਦੇ ਬਦਲੇ ਉਤਪਾਦਾਂ ਦਾ ਲੈਣ-ਦੇਣ (ਬਾਰਟਰ) ਟਰੇਡ ਹੁੰਦਾ ਹੈ।