ਨਵੀਂ ਦਿੱਲੀ: ਭਾਰਤ ਦੇ ਤੇਜ਼ ਗੇਂਦਬਾਜ਼ ਰਹਿ ਚੁੱਕੇ ਇਰਫਾਨ ਪਠਾਨ ਦੇ ਭਰਾ ਯੁਸੂਫ ਪਠਾਨ ਦਾ ਡੋਪ ਟੈਸਟ ਫੇਲ੍ਹ ਹੋ ਗਿਆ ਹੈ। ਉਸ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 5 ਮਹੀਨਿਆਂ ਤਕ ਖੇਡਣ ਦੀ ਰੋਕ ਲਾ ਦਿੱਤੀ ਹੈ। ਪਠਾਨ ਦੇ ਨਮੂਨਿਆਂ ਦਾ ਨਤੀਜਾ ਬੀਤੇ ਅਕਤੂਬਰ ਵਿੱਚ ਆ ਗਿਆ ਸੀ ਪਰ ਉਸ ਨੂੰ ਸਜ਼ਾ ਦਾ ਐਲਾਨ ਅੱਜ ਕੀਤਾ ਗਿਆ ਹੈ। ਇਰਫਾਨ ਪਠਾਨ ਡੋਪ ਟੈਸਟ ਵਿੱਚ ਪਹਿਲਾ ਕ੍ਰਿਕਟਰ ਹੈ। ਪਠਾਨ ਕੌਮਾਂਤਰੀ ਟੀਮ ਦਾ ਹਿੱਸਾ ਰਹਿ ਚੁੱਕਾ ਹੈ ਪਰ ਉਹ ਜ਼ਿਆਦਾਤਰ IPL ਵਿੱਚ ਹੀ ਖੇਡਦਾ ਸੀ।


ਬੀਤੇ ਸਾਲ 16 ਮਾਰਚ, 2017 ਨੂੰ ਵਿਜੇ ਹਜ਼ਾਰੇ ਟ੍ਰਾਫੀ ਦੌਰਾਨ ਦਿੱਲੀ ਵਿੱਚ ਹੋਏ ਮੈਚ ਤੋਂ ਪਹਿਲਾਂ ਪਠਾਨ ਦੇ ਪਿਸ਼ਾਬ ਦੇ ਨਮੂਨੇ ਲਏ ਗਏ ਸਨ। ਇਨ੍ਹਾਂ ਨਮੂਨਿਆਂ ਵਿੱਚ ਟਰਬੂਟਲਾਈਨ ਨਾਂ ਦਾ ਪਦਾਰਥ ਪਾਇਆ ਗਿਆ। ਵਿਸ਼ਵ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਖਿਡਾਰੀ ਵੱਲੋਂ ਮੁਕਾਬਲੇ ਦੌਰਾਨ ਜਾਂ ਇਸ ਤੋਂ ਅੱਗੇ-ਪਿੱਛੇ ਇਸ ਪਦਾਰਥ ਦੇ ਸੇਵਨ 'ਤੇ ਰੋਕ ਲਾਈ ਹੋਈ ਹੈ।

27 ਅਕਤੂਬਰ 2017 ਨੂੰ ਯੁਸੂਫ ਪਠਾਨ ਦਾ ਡੋਪ ਟੈਸਟ ਸਕਾਰਾਤਮਕ ਪਾਇਆ ਗਿਆ। ਉਸ ਵਿਰੁੱਧ ਬੀ.ਸੀ.ਸੀ.ਆਈ. ਦੇ ਐਂਟੀ-ਡੋਪਿੰਗ ਰੂਲਜ਼ (ਏ.ਡੀ.ਆਰ.) ਦੇ ਆਰਟੀਕਲ 2.1 ਤਹਿਤ ਦੋਸ਼ੀ ਪਾਇਆ ਗਿਆ ਸੀ। ਫਿਰ ਪਠਾਨ ਦਾ ਪੱਖ ਜਾਣਿਆ ਗਿਆ। ਇਸ ਤੋਂ ਬਾਅਦ ਅੱਜ ਇਸ ਬੱਲੇਬਾਜ਼ ਨੂੰ 5 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ।

ਬੀ.ਸੀ.ਸੀ.ਆਈ. ਨੇ ਕਿਹਾ ਕਿ ਉਹ ਯੂਸਫ ਪਠਾਨ ਦੇ ਪੱਖ ਤੋਂ ਸੰਤੁਸ਼ਟ ਹੈ। ਪਠਾਨ ਨੇ ਦੱਸਿਆ ਸੀ ਕਿ ਉਹ ਸਾਹ ਪ੍ਰਣਾਲੀ ਦੀ ਇਨਫੈਕਸ਼ਨ ਨੂੰ ਠੀਕ ਕਰਨ ਲਈ ਜਿਸ ਦਵਾਈ ਦਾ ਸੇਵਨ ਕਰ ਰਿਹਾ ਸੀ, ਵਿੱਚ ਟਰਬੂਟਲਾਈਨ ਨਾਂ ਦਾ ਪਦਾਰਥ ਸੀ। ਕ੍ਰਿਕਟ ਬੋਰਡ ਨੇ ਉਸ ਦੇ ਜਵਾਬ ਨੂੰ ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਦੇ ਤੌਰ 'ਤੇ ਪ੍ਰਵਾਨ ਕਰ ਲਿਆ ਹੈ ਤੇ ਨਾਲ ਹੀ ਉਸ ਨੂੰ ਪੰਜ ਮਹੀਨਿਆਂ ਲਈ ਖੇਡ ਤੋਂ ਮੁਅੱਤਲ ਕਰ ਦਿੱਤਾ ਹੈ ਤੇ ਉਸ ਦੇ ਕੁਝ ਖੇਡ ਨਤੀਜੇ ਵੀ ਰੱਦ ਕੀਤੇ ਹਨ।