ਨਵੀਂ ਦਿੱਲੀ: ਐਨਸੀਆਰ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਪੈ ਰਹੀ ਹੈ। ਸਰਦੀ ਤੇ ਸੰਘਣੇ ਕੋਹਰੇ ਨੇ ਆਵਾਜਾਈ ਉੱਤੇ ਵੀ ਬੁਰਾ ਅਸਰ ਪਾਇਆ ਹੈ। ਕੋਹਰੇ ਦੀ ਵਜ੍ਹਾ ਨਾਲ ਦਿੱਲੀ ਆਉਣ ਵਾਲੀਆਂ 22 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ 45 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ 8 ਫਲਾਈਟਾਂ ਦੇਰੀ ਨਾਲ ਉਡਾਣ ਭਰਨਗੀਆਂ।

ਦਿੱਲੀ ਵਿੱਚ ਠੰਢ ਦੇ ਕਹਿਰ ਨਾਲ ਪਿਛਲੇ 24 ਘੰਟਿਆਂ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 70 ਲੋਕਾਂ ਦੀ ਮੌਤ ਹੋਈ ਸੀ। ਉੱਧਰ ਪੂਰੀ ਕਸ਼ਮੀਰ ਘਾਟੀ ਵੀ ਜ਼ਬਰਦਸਤ ਠੰਢ ਦੀ ਚਪੇਟ ਵਿੱਚ ਹੈ। ਕਾਰਗਿਲ ਵਿੱਚ ਐਤਵਾਰ ਨੂੰ ਤਾਪਮਾਨ ਮਨਫੀ 18.5 ਡਿਗਰੀ ਤੱਕ ਪਹੁੰਚ ਗਿਆ। ਮੌਸਮ ਵਿਭਾਗ ਮੁਤਾਬਕ ਦੇਸ਼ ਦੇ ਉੱਤਰੀ ਇਲਾਕਿਆਂ ਵਿੱਚ ਜ਼ਿਆਦਾਤਰ ਸਥਾਨਾਂ ਉੱਤੇ ਵੀ 2 ਤੋਂ 3 ਦਿਨ ਤੱਕ ਸਰਦੀ ਤੋਂ ਰਾਹਤ ਦੇ ਆਸਾਰ ਨਹੀਂ ਹਨ।

ਹਰਿਆਣਾ ਤੇ ਪੰਜਾਬ ਹੱਡ ਚੀਰਵੀਂ ਠੰਢ ਪੈ ਰਹੀ ਹੈ। ਸੋਮਵਾਰ ਨੂੰ ਹਰਿਆਣਾ ਦਾ ਕਰਨਾਲ ਸਭ ਤੋਂ ਠੰਢਾ 0.5 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਉੱਥੇ ਹੀ ਪੰਜਾਬ ਦੇ ਆਦਮਪੁਰ ਵਿੱਚ ਪਾਰਾ 0.7 ਡਿਗਰੀ ਪਹੁੰਚ ਗਿਆ। ਸਰਦੀ ਕਾਰਨ ਪੰਜਾਬ ਵਿੱਚ ਸਕੂਲਾਂ ਦਾ ਸਮਾਂ ਵੀ ਤਬਦੀਲ ਕੀਤਾ ਗਿਆ ਹੈ।

ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨ ਤੱਕ ਸਰਦੀ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਦਿੱਲੀ ਦੇ ਸੋਮਵਾਰ ਨੂੰ ਸਰਦੀ ਹੋਰ ਵਧ ਗਈ ਹੈ। ਇੱਥੇ ਤਾਪਮਾਨ ਪੰਜ ਡਿਗਰੀ ਰਿਕਾਰਡ ਕੀਤਾ ਗਿਆ ਜਦਕਿ ਐਤਵਾਰ ਨੂੰ 1.4 ਡਿਗਰੀ ਸੈਲਸੀਅਸ ਘੱਟ ਸੀ।