ਨਵੀਂ ਦਿੱਲੀ: ਫੂਡ ਡਿਲੀਵਰੀ ਐਪ ਜਮੈਟੋ ਦਾ ਟਵਿਟਰ ‘ਤੇ ਇੱਕ ਯੂਜ਼ਰ ਨੂੰ ਰਿਪਲਾਈ ਇੰਟਰਨੈੱਟ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਅਸਲ ‘ਚ ਮੰਗਲਵਾਰ ਰਾਤ ਨੂੰ ਜਮੈਟੋ ਦੇ ਇੱਕ ਯੂਜ਼ਰ ਨੇ ਟਵੀਟ ‘ਤੇ ਜਾਣਕਾਰੀ ਦਿੱਤੀ ਕਿ ਉਸ ਨੇ ਆਪਣਾ ਖਾਣਾ ਕੈਂਸਲ ਕਰ ਦਿੱਤਾ ਕਿਉਂਕਿ ਉਸ ਦਾ ਡਿਲੀਵਰੀ ਬੁਆਏ ਹਿੰਦੂ ਨਹੀਂ ਸੀ। ਇਸ ਟਵੀਟ ਦਾ ਜਮੈਟੋ ਨੇ ਬੜਾ ਵਧੀਆ ਜਵਾਬ ਦਿੱਤਾ। ਇਸ ਮਗਰੋਂ ਜਮੈਟੋ ਨੂੰ ਇੰਨਟਰਨੈੱਟ ‘ਤੇ ਖੂਬ ਤਾਰੀਫਾਂ ਮਿਲ ਰਹੀਆਂ ਹਨ।


ਆਰਡਰ ਕੈਂਸਲ ਕਰਨ ਵਾਲੇ ਅਮਿਤ ਸ਼ੁਕਲਾ ਨਾਂ ਦੇ ਯੂਜ਼ਰ ਨੇ ਲਿਖਿਆ, “ਹੁਣੇ ਜਮੈਟੋ ‘ਤੇ ਇੱਕ ਆਰਡਰ ਕੈਂਸਲ ਕੀਤਾ। ਉਨ੍ਹਾਂ ਨੇ ਇੱਕ ਗੈਰ ਹਿੰਦੂ ਨੂੰ ਡਿਲੀਵਰੀ ਲਈ ਭੇਜਿਆ। ਇਸ ‘ਤੇ ਉਨ੍ਹਾਂ ਨੇ ਰਾਈਡਰ ਬਦਲਣ ਤੋਂ ਮਨਾ ਕਰ ਦਿੱਤਾ ਤੇ ਆਰਡਰ ਕੈਂਸਲ ਤੇ ਰਿਫੰਡ ਤੋਂ ਵੀ ਮਨਾ ਕੀਤਾ।”


ਇਸ ਤੋਂ ਬਾਅਦ ਦੂਜੇ ਟਵੀਟ ‘ਚ ਐਮਪੀ ਦੇ ਜਬਲਪੁਰ ਦੇ ਅਮਿਤ ਸ਼ੁਕਲਾ ਨੇ ਜਮੈਟੋ ਨਾਲ ਹੋਈ ਗੱਲਬਾਤ ਦੇ ਸਕਰੀਨ ਸ਼ਾਰਟ ਵੀ ਸ਼ੇਅਰ ਕੀਤੇ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਆਪਣੇ ਵਕੀਲਾਂ ਸਾਹਮਣੇ ਚੁੱਕਣਗੇ।


ਅਮਿਤ ਸ਼ੁਕਲਾ ਨੇ ਇਸ ਟਵੀਟ ਦੇ ਜਵਾਬ ‘ਚ ਜਮੈਟੋ ਨੇ ਲਿਖਿਆ, “ਖਾਣੇ ਦਾ ਕੋਈ ਧਰਮ ਨਹੀਂ ਹੁੰਦਾ। ਖਾਣਾ ਖੁਦ ਇੱਕ ਧਰਮ ਹੈ।”


ਇਸ ਰਿਪਲਾਈ ਤੋਂ ਬਾਅਦ ਕੰਪਨੀ ਦੇ ਮਾਲਕ ਦੀਪਾਂਕਰ ਗੋਇਲ ਨੇ ਵੀ ਇਸ ਮੁੱਦੇ ਨੂੰ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਬਿਜਨੈਸ ਦਾ ਨੁਕਸਾਨ ਹੁੰਦਾ ਹੈ ਤਾਂ ਕੋਈ ਫਰਕ ਨਹੀ ਪੈਂਦਾ। ਦੀਪਾਂਕਰ ਨੇ ਲਿਖਿਆ, “ਅਸੀਂ ਭਾਰਤ ਦੇ ਵਿਚਾਰਾਂ ਤੇ ਗਾਹਕਾਂ-ਸੈਲਾਨੀਆਂ ਦੀ ਭਿੰਨਤਾ ‘ਤੇ ਮਾਨ ਕਰਦੇ ਹਾਂ। ਸਾਡੇ ਸਿਧਾਂਤਾਂ ਲਈ ਜੇਕਰ ਬਿਜਨੈਸ ਨੂੰ ਨੁਕਸਾਨ ਹੁੰਦਾ ਹੈ ਤਾਂ ਸਾਨੂੰ ਇਸ ਲਈ ਦੁਖ ਨਹੀਂ ਹੋਵੇਗਾ”।