ਨਵੀਂ ਦਿੱਲੀ: ਲੋਕ ਸਭਾ ‘ਚ ਕੇਂਦਰ ਸਰਕਾਰ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਪਾਸ ਕਰ ਦਿੱਤਾ ਹੈ। ਇਸ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ‘ਤੇ ਡਾਕਟਰਾਂ ਵੱਲੋਂ ਓਪੀਡੀ ਸੇਵਾ ਨੂੰ 24 ਘੰਟੇ ਲਈ ਬੰਦ ਕੀਤਾ ਗਿਆ ਹੈ। ਇਸ ਦੌਰਾਨ ਓਪੀਡੀ ਸਰਵਿਸ ਬੰਦ ਜਦਕਿ ਐਮਰਜੈਂਸੀ ਕੈਜ਼ੂਲਟੀ ਤੇ ਆਪ੍ਰੇਸ਼ਨ ਸਰਵਿਸ ਜਾਰੀ ਰਹੇਗੀ। ਹੜਤਾਲ ਅੱਜ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਜਾਰੀ ਰਹੇਗੀ। ਆਈਐਮਏ ਨਾਲ 3 ਲੱਖ 50 ਹਜ਼ਾਰ ਡਾਕਟਰ ਰਜਿਸਟਰ ਹਨ।


ਬੇਸ਼ੱਕ ਅਜੇ ਬਿੱਲ ਰਾਜ ਸਭਾ ‘ਚ ਪੇਸ਼ ਨਹੀਂ ਹੋਇਆ ਹੈ ਤੇ ਸਰਕਾਰ ਨਾਲ ਗੱਲਬਾਤ ਹੋ ਰਹੀ ਹੈ। ਸੋਮਵਾਰ ਨੂੰ ਪਾਸ ਹੋਏ ਬਿੱਲ ਤੋਂ ਬਾਅਦ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਇਸ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਿੱਲ ਨਾਲ ਭ੍ਰਿਸ਼ਟਾਚਾਰ ‘ਤੇ ਲਗਾਮ ਲੱਗੇਗੀ। ਇਸ ਬਿੱਲ ਨੂੰ ਲਿਆਉਣ ਦਾ ਸਰਕਾਰ ਦਾ ਮਕਸਦ ਮੈਡੀਕਲ ਸਿੱਖਿਆ ਨੂੰ ਦਰੁਸਤ ਕਰਨਾ ਤੇ ਇਸ ‘ਚ ਪਾਰਦਰਸ਼ਤਾ ਲਿਆਉਣਾ ਹੈ।

ਜਿੱਥੇ ਸਰਕਾਰ ਇਸ ਬਿੱਲ ਦੀ ਤਾਰੀਫ ਕਰ ਰਹੀ ਹੈ, ਉਧਰ ਦੂਜੇ ਪਾਸੇ ਡਾਕਟਰਾਂ ਵੱਲੋਂ ਇਸ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦਾ ਪਹਿਲਾ ਕਾਰਨ ਹੈ ਕਿ ਐਮਬੀਬੀਐਸ ਪਾਸ ਕਰਨ ਤੋਂ ਬਾਅਦ ਪ੍ਰੈਕਟਿਸ ਲਈ ਉਨ੍ਹਾਂ ਨੂੰ ਟੈਸਟ ਦੇਣਾ ਪਵੇਗਾ, ਜੋ ਸਿਟਫ ਵਿਦੇਸ਼ਾਂ ‘ਚ ਪੜ੍ਹਾਈ ਕਰਨ ਵਾਲਿਆਂ ਲਈ ਹੈ। ਇਸ ਤੋਂ ਬਾਅਦ ਦੂਜੀ ਮੱਦਾ ਹੈ ਨਾਨ ਮੈਡੀਕਲ ਸ਼ਖ਼ਸ ਨੂੰ ਲਾਈਸੈਂਸ ਦੇ ਕੇ ਹਰ ਤਰ੍ਹਾਂ ਦੀਆਂ ਦਵਾਈਆਂ ਲਿਖਣ ਤੇ ਇਲਾਜ ਦਾ ਕਾਨੂੰਨੀ ਅਧਿਕਾਰ ਦੇਣਾ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਨਾਲ ਝੋਲਾਛਾਪ ਡਾਕਟਰਾਂ ਦੀ ਗਿਣਤੀ ਵਧੇਗੀ। ਇਸ ਦੇ ਨਾਲ ਹੀ ਡਾਕਟਰਾਂ ਦਾ ਮੰਨਣਾ ਹੈ ਕਿ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਇਲਾਜ ਦੇ ਪੱਧਰ ‘ਚ ਗਿਰਾਵਟ ਆਵੇਗੀ।