ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਭਾਰਤੀ ਫੌਜ ਦੇ ਬਹੁਤ ਸਾਰੇ ਸਾਬਕਾ ਸੈਨਿਕ, ਫੌਜੀ ਵਰਦੀ ਵਿੱਚ ਮੌਜੂਦ ਹਨ ਅਤੇ ਬਹੁਤ ਸਾਰੇ ਸੈਨਿਕ ਆਪਣੇ ਤਗਮੇ ਪਹਿਨੇ ਹੋਏ ਨਜ਼ਰ ਹਨ। ਇਸ ਤੋਂ ਬਾਅਦ ਭਾਰਤੀ ਫੌਜ ਦੁਆਰਾ ਸਾਬਕਾ ਸੈਨਿਕਾਂ ਦੇ ਮੈਡਲ ਅਤੇ ਰਿਬਨ ਪਹਿਨਣ ਬਾਰੇ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਇਜ਼ਰੀ ਦੇ ਅਨੁਸਾਰ ਭਾਰਤੀ ਫੌਜ ਦੇ ਮੈਡਲ ਅਤੇ ਰਿਬਨ ਸਿਰਫ ਫੌਜ ਦੇ ਨਿਯਮਾਂ ਤਹਿਤ ਸਾਬਕਾ ਸੈਨਿਕਾਂ ਦੁਆਰਾ ਪਹਿਨੇ ਜਾਣੇ ਚਾਹੀਦੇ ਹਨ।


ਭਾਰਤੀ ਸੈਨਾ ਦੇ ਨਿਯਮਾਂ ਅਨੁਸਾਰ, ਰਾਜਨੀਤਿਕ ਰੈਲੀਆਂ ਵਿੱਚ ਫੌਜੀਆਂ ਜਾਂ ਸਾਬਕਾ ਸੈਨਿਕਾਂ ਨੂੰ ਮੈਡਲ ਜਾਂ ਰਿਬਨ ਪਹਿਨਣ ਦੀ ਆਗਿਆ ਨਹੀਂ ਹੈ। ਸੈਨਾ ਦੇ ਸੂਤਰਾਂ ਨੇ ਕਿਹਾ ਹੈ ਕਿ ਫੌਜੀ ਵਰਦੀਆਂ, ਫੌਜੀ ਮੈਡਲ ਜਾਂ ਰਿਬਨ ਕਿਸੇ ਵੀ ਰਾਜਨੀਤਿਕ ਰੈਲੀਆਂ 'ਚ ਸਾਬਕਾ ਸੈਨਿਕਾਂ ਨੂੰ ਨਹੀਂ ਪਹਿਨਣੇ ਚਾਹੀਦੇ। ਭਾਰਤੀ ਸੈਨਾ ਦੇ ਨਿਯਮ ਇਸ ਦੀ ਆਗਿਆ ਨਹੀਂ ਦਿੰਦੇ ਹਨ। ਇਹ ਮਿਲਟਰੀ ਐਡਵਾਈਜ਼ਰੀ ਉਸ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਕਈ ਸਾਬਕਾ ਸੈਨਿਕ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ ਅਤੇ ਵਿਰੋਧ ਪ੍ਰਦਰਸ਼ਨਾਂ 'ਚ ਫੌਜੀ ਵਰਦੀਆਂ, ਮੈਡਲ ਅਤੇ ਰਿਬਨ ਨਾਲ ਵੇਖੇ ਗਏ ਹਨ।




ਕੁਝ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕਿਸਾਨ 26 ਜਨਵਰੀ, ਗਣਤੰਤਰ ਦਿਵਸ 'ਤੇ ਆਪਣੀ ਟਰੈਕਟਰ ਪਰੇਡ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੱਢਣਗੇ। ਇਹ ਮੰਨਿਆ ਜਾਂਦਾ ਹੈ ਕਿ ਜੇ ਕਿਸਾਨ ਆਪਣੀ ਟਰੈਕਟਰ ਪਰੇਡ ਕੱਢਦੇ ਹਨ, ਤਾਂ ਅੰਦੋਲਨ 'ਚ ਸ਼ਾਮਲ ਸਾਬਕਾ ਫੌਜੀ ਆਪਣੀ ਵਰਦੀ ਅਤੇ ਮੈਡਰ ਪਹਿਨ ਸਕਦੇ ਹਨ।