ਨਵੀਂ ਦਿੱਲੀ: ਸ਼ਾਹੀਨ ਬਾਗ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਮਾਸਟਰਮਾਈਂਡ ਸ਼ਰੀਜਲ ਇਮਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਨੇ ਸ਼ਰਜੀਲ ਨੂੰ ਬਿਹਾਰ ਦੇ ਜਹਾਨਾਬਾਦ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਸ਼ਰੀਜਲ ਇਮਾਮ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਸੀ। ਜਹਾਨਾਬਾਦ ਦੇ ਕਾਕੋ ਥਾਣਾ ਖੇਤਰ ਤੋਂ ਗ੍ਰਿਫ਼ਤਾਰੀ ਕੀਤੀ ਗਈ ਹੈ।


ਸ਼ਰਜੀਲ ਇਮਾਮ ਬਾਰੇ ਕਈ ਵਿਵਾਦਤ ਵੀਡੀਓ ਵਾਇਰਲ ਹੋਏ ਹਨ। ਵੀਡੀਓ 'ਚ ਜੋ ਸਭ ਤੋਂ ਵੱਧ ਵਾਇਰਲ ਹੈ, ਉਸ 'ਚ ਉਹ ਉੱਤਰ-ਪੂਰਬੀ ਰਾਜਾਂ, ਖ਼ਾਸਕਰ ਅਸਾਮ ਨੂੰ ਬਾਕੀ ਭਾਰਤ ਤੋਂ ਵੱਖ ਕਰਨ ਦੀ ਗੱਲ ਕਰ ਰਿਹਾ ਹੈ। ਸ਼ਰਜੀਲ ਇਮਾਮ ਇਸ ਵਿਵਾਦਪੂਰਨ ਭਾਸ਼ਨ ਤੋਂ ਬਾਅਦ ਤੋਂ ਰੂਪੋਸ਼ ਸੀ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਰਾਜਾਂ 'ਚ ਲਗਾਤਾਰ ਛਾਪੇ ਮਾਰ ਰਹੀ ਸੀ।


ਸ਼ਰਜੀਲ ਇਮਾਮ ਜੇਐਨਯੂ ਦਾ ਪੀਐਚਡੀ ਖੋਜਾਰਥੀ ਹੈ, ਜੋ ਸ਼ਾਹੀਨ ਬਾਗ 'ਚ ਸਿਟੀਜ਼ਨਸ਼ਿਪ ਸੋਧ ਐਕਟ ਦੇ ਵਿਰੋਧ ਦੌਰਾਨ ਚਰਚਾ 'ਚ ਆਇਆ ਸੀ। ਉਸ ਦਾ ਅਕਾਦਮਿਕ ਰਿਕਾਰਡ ਸ਼ਾਨਦਾਰ ਹੈ। ਉਸ ਨੇ ਉੱਚ ਵਿਦਿਅਕ ਸੰਸਥਾਵਾਂ ਤੋਂ ਸਿਖਲਾਈ ਲਈ ਤੇ ਸਿਖਾਈ ਵੀ ਹੈ। ਜਦਕਿ, ਹੁਣ ਉਸ 'ਤੇ ਕਈ ਸੂਬਿਆਂ 'ਚ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।


ਸ਼ਰਜੀਲ ਇਮਾਮ ਨੂੰ ਸ਼ਾਹੀਨ ਬਾਗ ਲਹਿਰ ਦਾ ਆਰਕੀਟੈਕਟ ਕਿਹਾ ਜਾਂਦਾ ਹੈ। ਇਸ ਅੰਦੋਲਨ ਦੀ ਸ਼ੁਰੂਆਤ 'ਚ ਸ਼ਰਜੀਲ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਸ਼ਰਜੀਲ ਨੂੰ ਕਈ ਸੂਬਿਆਂ 'ਚ ਅਦਾਲਤ ਦਾ ਸਾਹਮਣਾ ਕਰਨਾ ਪਏਗਾ।