ਵਾਸ਼ਿੰਗਟਨ: ਬਾਇਡੇਨ ਕਿਸੇ ਸਮੇਂ ਅਮਰੀਕਾ ਦੇ ਸਭ ਤੋਂ ਘੱਟ ਉਮਰ ਦੇ ਸੈਨੇਟਰ ਸੀ ਅਤੇ ਅੱਜ ਉਹ ਅਮਰੀਕੀ ਇਤਿਹਾਸ ਦੇ ਸਭ ਤੋਂ ਬੁਜ਼ੁਰਗ ਰਾਸ਼ਟਰਪਤੀ ਹਨ। ਉਨ੍ਹਾਂ ਕੋਲ ਪੰਜ ਦਹਾਕਿਆਂ ਦਾ ਰਾਜਨੀਤਿਕ ਤਜ਼ੁਰਬਾ ਹੈ। ਦੇਸ਼ ਦੇ 46ਵੇਂ ਰਾਸ਼ਟਰਪਤੀ ਦੇ ਤੌਰ 'ਤੇ ਬਾਇਡੇਨ ਦੀ ਸਹੁੰ ਚੁੱਕਣਾ ਵੀ ਆਪਣੇ ਆਪ 'ਚ ਇਤਿਹਾਸਕ ਹੈ ਕਿਉਂਕਿ ਪਹਿਲੀ ਵਾਰ ਇਕ ਔਰਤ ਵਜੋਂ ਕਮਲਾ ਹੈਰਿਸ ਨੇ ਦੇਸ਼ 'ਚ ਉਪ-ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੈ।
ਫੋਰਬਸ ਦੇ ਅਨੁਸਾਰ ਜੋਅ ਬਾਇਡੇਨ ਅਤੇ ਉਨ੍ਹਾਂ ਦੀ ਪਤਨੀ ਦੀ ਜੁਲਾਈ 2019 ਤੱਕ ਤਕਰੀਬਨ 9 ਮਿਲੀਅਨ ਡਾਲਰ ਜਾਂ 90 ਲੱਖ ਡਾਲਰ ਦੀ ਸੰਪਤੀ ਸੀ। ਉਨ੍ਹਾਂ ਦੀ ਬਹੁਤੀ ਕਮਾਈ ਦਾ ਹਿੱਸਾ ਸੈਨੇਟਰ ਦੀ ਤਨਖਾਹ ਜਾਂ ਕਾਲਜ ਪ੍ਰੋਫੈਸਰ ਦੀ ਤਨਖਾਹ ਤੋਂ ਹੈ। ਸਾਲ 2009 'ਚ ਸੈਨੇਟਰ ਵਜੋਂ ਬਾਇਡੇਨ ਦੀ ਸਾਲਾਨਾ ਆਮਦਨ 169,000 ਡਾਲਰ ਸੀ। ਉਹ 30 ਪ੍ਰਤੀਸ਼ਤ ਦੇ ਵਾਧੇ ਨਾਲ ਉਪ-ਰਾਸ਼ਟਰਪਤੀ ਦੇ ਅਹੁਦੇ ‘ਤੇ ਆਏ ਸੀ।
ਬਾਇਡੇਨ ਸਾਲ 2009 ਤੋਂ 2017 ਤੱਕ ਉਪ-ਰਾਸ਼ਟਰਪਤੀ ਰਹੇ। ਉਨ੍ਹਾਂ ਦੀ ਸਾਲਾਨਾ ਆਮਦਨੀ 225,000 ਡਾਲਰ ਸੀ। ਇਨ੍ਹਾਂ ਅੱਠ ਸਾਲਾਂ ਦੌਰਾਨ ਤਕਰੀਬਨ 50 ਲੱਖ ਡਾਲਰ ਪੈਨਸ਼ਨ ਅਤੇ ਹੋਰ ਬੋਨਸਾਂ ਦੇ ਰੂਪ ਵਿੱਚ ਪ੍ਰਾਪਤ ਹੋਏ। ਪਰ ਇਸ ਤੋਂ ਵੀ ਵੱਧ ਉਨ੍ਹਾਂ ਨੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਕਮਾਈ ਕੀਤੀ। ਬਾਇਡੇਨ ਅਤੇ ਜਿਲ ਨੇ ਆਪਣੀਆਂ ਲਿਖੀਆਂ ਕਿਤਾਬਾਂ ਦੀ ਰਾਇਲਟੀ ਤੋਂ ਲਗਭਗ 15 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ।