ਵਾਸ਼ਿੰਗਟਨ: ਡੈਮੋਕਰੇਟਿਕ ਲੀਡਰ ਜੋਅ ਬਾਇਡੇਨ ਨੇ ਅੱਜ ਸਯੁੰਕਤ ਰਾਜ 'ਚ ਸਖਤ ਸੁਰੱਖਿਆ ਦੇ ਵਿਚਾਲੇ ਦੇਸ਼ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਕਮਲਾ ਦੇਵੀ ਹੈਰੀਸ ਨੇ ਦੇਸ਼ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸ ਦੌਰਾਨ ਡੋਨਲਡ ਟਰੰਪ ਦੇ ਸਮਰਥਕਾਂ ਨੂੰ ਰੋਕਣ ਲਈ ਹਜ਼ਾਰਾਂ ਸੁਰੱਖਿਆ ਕਰਮਚਾਰੀ ਕੈਪੀਟਲ ਬਿਲਡਿੰਗ (ਸੰਸਦ ਭਵਨ) ਦੇ ਦੁਆਲੇ ਤਾਇਨਾਤ ਕੀਤੇ ਗਏ। ਦੋ ਹਫ਼ਤੇ ਪਹਿਲਾਂ, 6 ਜਨਵਰੀ ਨੂੰ ਟਰੰਪ ਦੇ ਸਮਰਥਕਾਂ ਨੇ ਕੈਪੀਟਲ ਭਵਨ ਵਿੱਚ ਹਿੰਸਾ ਕੀਤੀ ਸੀ।


ਡੋਨਲਡ ਟਰੰਪ ਬਾਇਡੇਨ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਨਹੀਂ ਹੋਏ ਅਤੇ ਵ੍ਹਾਈਟ ਹਾਊਸ ਤੋਂ ਆਖਰੀ ਵਾਰ ਰਾਸ਼ਟਰਪਤੀ ਦੇ ਤੌਰ 'ਤੇ ਰਵਾਨਾ ਹੋਏ। ਹਵਾਈ-ਜਹਾਜ਼ ਰਾਹੀਂ ਫਲੋਰੀਡਾ 'ਚ ਆਪਣੀ ਸਥਾਈ ਨਿਵਾਸ, ਮਾਰ-ਏ-ਲਾਗੋ ਅਸਟੇਟ ਲਈ ਰਵਾਨਾ ਹੋਏ। ਹਾਲਾਂਕਿ, ਬਾਹਰ ਜਾਣ ਵਾਲੇ ਉਪ-ਰਾਸ਼ਟਰਪਤੀ ਮਾਈਕ ਪੈਂਸ ਨੇ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ।



ਸਾਬਕਾ ਰਾਸ਼ਟਰਪਤੀ-ਬਰਾਕ ਓਬਾਮਾ, ਜਾਰਜ ਡਬਲਯੂ ਬੁਸ਼ ਅਤੇ ਬਿਲ ਕਲਿੰਟਨ ਵੀ ਇਸ ਸਮਾਰੋਹ 'ਚ ਸ਼ਾਮਲ ਹੋਏ। ਸਾਬਕਾ ਫਸਟ ਲੇਡੀ - ਮਿਸ਼ੇਲ ਓਬਾਮਾ, ਲੌਰਾ ਬੁਸ਼ ਅਤੇ ਹਿਲੇਰੀ ਕਲਿੰਟਨ ਵੀ ਮੌਜੂਦ ਸੀ। ਸਹੁੰ ਚੁੱਕ ਸਮਾਰੋਹ 'ਚ ਸੁਪਰੀਮ ਕੋਰਟ ਦੇ ਜੱਜਾਂ, ਸੰਸਦ ਮੈਂਬਰਾਂ ਸਮੇਤ ਲਗਭਗ 1000 ਲੋਕਾਂ ਨੇ ਸ਼ਿਰਕਤ ਕੀਤੀ। ਕੋਵਿਡ -19 ਮਹਾਂਮਾਰੀ ਦੇ ਕਾਰਨ ਇਸ ਵਾਰ ਬਹੁਤ ਘੱਟ ਲੋਕਾਂ ਨੂੰ ਬੁਲਾਇਆ ਗਿਆ ਸੀ।