ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡੇਨ ਨਵੇਂ ਕਾਰਜਕਾਰੀ ਆਦੇਸ਼ ਦੇ ਜ਼ਰੀਏ ਅਮਰੀਕੀ ਫੌਜ 'ਚ ਸਮਲਿੰਗੀਆਂ ਨੂੰ ਸ਼ਾਮਲ ਕਰਨ 'ਤੇ ਲੱਗੀ ਰੋਕ ਹਟਾ ਸਕਦੇ ਹਨ। ਇਸ ਕੇਸ ਤੋਂ ਜਾਣੂ ਇਕ ਵਿਅਕਤੀ ਨੇ ਇਹ ਜਾਣਕਾਰੀ ‘ਏਪੀ’ ਨੂੰ ਦਿੱਤੀ।

ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਸਮਲਿੰਗੀ ਲੋਕਾਂ ਨੂੰ ਮਿਲਟਰੀ 'ਚ ਸ਼ਾਮਲ ਹੋਣ 'ਤੇ ਪਾਬੰਦੀ ਲਗਾਈ ਸੀ। ਜਦੋਂ ਤੋਂ ਬਾਇਡੇਨ ਨੇ ਅਹੁਦਾ ਸੰਭਾਲਿਆ, ਉਦੋਂ ਤੋਂ ਇਸ ਪੈਂਟਾਗਨ ਨੀਤੀ 'ਚ ਤਬਦੀਲੀਆਂ ਕਰਨ ਦੀ ਸੰਭਾਵਨਾ ਸੀ। ਇਸ ਮਾਮਲੇ ਤੋਂ ਜਾਣੂ ਇਕ ਵਿਅਕਤੀ ਨੇ ‘ਏਪੀ’ ਨੂੰ ਦੱਸਿਆ ਕਿ ਵ੍ਹਾਈਟ ਹਾਊਸ ਸੋਮਵਾਰ ਨੂੰ ਇਸ ਸਬੰਧ 'ਚ ਕੋਈ ਐਲਾਨ ਕਰ ਸਕਦਾ ਹੈ।


ਸੇਵਾਮੁਕਤ ਜਨਰਲ ਲੋਇਡ ਆਸਟਿਨ ਨੇ ਪਿਛਲੇ ਹਫ਼ਤੇ ਸੈਨੇਟ ਦੇ ਸਾਹਮਣੇ ਹੋਈ ਸੁਣਵਾਈ ਦੌਰਾਨ ਅਮਰੀਕੀ ਰੱਖਿਆ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੇ ਨਾਮ ਦੀ ਪੁਸ਼ਟੀ ਕਰਨ ਲਈ ਇਸ ਕਦਮ ਦਾ ਸਮਰਥਨ ਕੀਤਾ। ਆਸਟਿਨ ਨੇ ਕਿਹਾ, "ਮੈਂ ਰਾਸ਼ਟਰਪਤੀ ਦੀ ਇਸ ਪਾਬੰਦੀ ਨੂੰ ਹਟਾਉਣ ਦੀ ਯੋਜਨਾ ਦਾ ਸਮਰਥਨ ਕਰਦਾ ਹਾਂ।" ਉਨ੍ਹਾਂ ਕਿਹਾ, "ਜੇ ਤੁਸੀਂ ਸੇਵਾ ਕਰਨ ਦੇ ਯੋਗ ਹੋ ਅਤੇ ਮਿਆਰਾਂ ਨੂੰ ਕਾਇਮ ਰੱਖ ਸਕਦੇ ਹੋ, ਤਾਂ ਤੁਹਾਨੂੰ ਸੇਵਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ।"