ਇਮਰਾਨ ਖ਼ਾਨ
ਜਲੰਧਰ: ਸ਼੍ਰੋਮਣੀ ਅਕਾਲੀ ਦਲ ਲਈ ਫ਼ਤਹਿਗੜ੍ਹ ਸਾਹਿਬ (ਰਾਖਵਾਂ) ਲੋਕ ਸਭਾ ਸੀਟ ਟਿਕਟ ਦੇਣੀ ਕੁਝ ਸੁਖਾਲੀ ਹੋ ਸਕਦੀ ਹੈ। ਇੱਥੋਂ ਚੋਣ ਲੜਣ ਲਈ ਦੋ ਸਰਕਾਰੀ ਅਫਸਰਾਂ ਨੇ ਅਸਤੀਫ਼ੇ ਦਿੱਤੇ ਸਨ, ਜਿਨ੍ਹਾਂ ਵਿੱਚੋਂ ਇੱਕ ਨੇ ਸਿਆਸੀ ਤੋਏ-ਤੋਏ ਛੱਡ ਮੁੜ ਤੋਂ ਸਰਕਾਰੀ ਨੌਕਰੀ ਕਰਨ ਦਾ ਫੈਸਲਾ ਕਰ ਲਿਆ ਹੈ। ਹੁਸ਼ਿਆਰਪੁਰ ਦੇ ਆਰਟੀਓ ਕਰਨ ਸਿੰਘ ਨੇ ਅਸਤੀਫ਼ਾ ਵਾਪਸ ਲੈ ਕੇ ਮੁੜ ਨੌਕਰੀ ਜੁਆਇਨ ਕਰ ਲਈ ਹੈ। ਕਰਨ ਸਿੰਘ ਵਿਧਾਨ ਸਭਾ ਹਲਕਾ ਸ਼ੁਤਰਾਨਾ ਤੋਂ ਸਾਬਕਾ ਅਕਾਲੀ ਵਿਧਾਇਕ ਵਨਿੰਦਰ ਕੌਰ ਲੂੰਬਾ ਦੇ ਪਤੀ ਹਨ।
ਹੁਸ਼ਿਆਰਪੁਰ ਦੇ ਖੇਤਰੀ ਟਰਾਂਸਪੋਰਟ ਅਫ਼ਸਰ ਕਰਨ ਸਿੰਘ ਨੇ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਜਦੋਂ ਆਰਟੀਓ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਇਹ ਇਹ ਚਰਚਾ ਹੋਈ ਕਿ ਉਹ ਅਕਾਲੀ ਟਿਕਟ 'ਤੇ ਫ਼ਤਹਿਗੜ੍ਹ ਸਾਹਿਬ ਤੋਂ ਚੋਣ ਲੜਣਗੇ। ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਕਰਨ ਸਿੰਘ ਨੂੰ ਫ਼ਤਹਿਗੜ੍ਹ ਸਾਹਿਬ ਸੀਟ ਤੋਂ ਉਮੀਦਵਾਰ ਦੱਸਣਾ ਵੀ ਸ਼ੁਰੂ ਕਰ ਦਿੱਤਾ ਸੀ।
ਸੂਤਰਾਂ ਮੁਤਾਬਕ ਪਾਰਟੀ ਤੋਂ ਟਿਕਟ ਲਈ ਨਾਂਹ ਹੋਣ 'ਤੇ ਕਰਨ ਸਿੰਘ ਨੇ ਵਾਪਸ ਨੌਕਰੀ ਜੁਆਇਨ ਕੀਤੀ ਹੈ। 'ਏਬੀਪੀ ਸਾਂਝਾ' ਨਾਲ ਫ਼ੋਨ 'ਤੇ ਹੋਈ ਗੱਲਬਾਤ ਦੌਰਾਨ ਕਰਨ ਸਿੰਘ ਨੇ ਦੱਸਿਆ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਉਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਅਤੇ ਉਨਾਂ ਨੇ ਨੌਕਰੀ ਮੁੜ ਜੁਆਇਨ ਕਰ ਲਈ ਹੈ। ਕਰਨ ਸਿੰਘ ਦੀ ਪਤਨੀ ਅਤੇ ਸਾਬਕਾ ਵਿਧਾਇਕਾ ਵਨਿੰਦਰ ਕੌਰ ਲੂੰਬਾ ਦਾ ਕਹਿਣਾ ਹੈ ਕਿ ਪਾਰਟੀ ਜਿਸ ਨੂੰ ਮੌਕਾ ਦੇਵੇਗੀ ਉਸੇ ਨੇ ਲੋਕ ਸਭਾ ਚੋਣ ਲੜਣੀ ਹੈ।
ਫ਼ਤਹਿਗੜ੍ਹ ਸਾਹਿਬ ਸੀਟ ਤੋਂ ਅਕਾਲੀ ਟਿਕਟ ਦੇ ਦਾਅਵੇਦਾਰਾਂ ਵਿੱਚ ਏਆਈਜੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਹਰਮੋਹਨ ਸੰਧੂ ਦਾ ਵੀ ਨਾਂ ਚਰਚਾ ਵਿੱਚ ਹੈ। ਜਲੰਧਰ ਦੇ ਐਸਐਸਪੀ ਰਹਿ ਚੁੱਕੇ ਹਰਮੋਹਨ ਸੰਧੂ ਨੇ ਫਰਵਰੀ ਦੇ ਪਹਿਲੇ ਹਫਤੇ ਵਿੱਚ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ। ਹਰਮੋਹਨ ਸੰਧੂ ਚਮਕੌਰ ਸਾਹਿਬ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੀ ਸਤਵੰਤ ਕੌਰ ਸੰਧੂ ਦੇ ਪੁੱਤਰ ਹਨ।
ਫ਼ਤਹਿਗੜ੍ਹ ਸਾਹਿਬ ਸੀਟ ਤੋਂ ਹੁਣ ਅਕਾਲੀ ਦਲ ਦੀ ਟਿਕਟ ਦੇ ਉਮੀਦਵਾਰਾਂ ਵਿੱਚ ਹਰਮੋਹਨ ਸੰਧੂ, ਉਨ੍ਹਾਂ ਦੀ ਮਾਤਾ ਸਤਵੰਤ ਕੌਰ, ਸਾਬਕਾ ਵਿਧਾਇਕ ਵਨਿੰਦਰ ਕੌਰ ਲੂੰਬਾ ਤੋਂ ਇਲਾਵਾ ਵੀ ਇੱਕ-ਦੋ ਨਾਂ ਚਰਚਾ ਵਿੱਚ ਹਨ। ਸਾਬਕਾ ਵਿਧਾਇਕ ਵਨਿੰਦਰ ਕੌਰ ਲੂੰਬਾ ਦਾ ਕਹਿਣਾ ਹੈ ਕਿ ਇੱਕ-ਦੋ ਦਿਨਾਂ ਵਿੱਚ ਇਹ ਸਾਫ ਹੋ ਜਾਵੇਗਾ ਕਿ ਕਿਸ ਨੇ ਚੋਣ ਲੜਣੀ ਹੈ।