ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਕਾਫ਼ੀ ਹੱਦ ਤਕ ਸਾਫ ਹੋ ਗਈ ਹੈ। ਦਿੱਲੀ ਦੇ ਲੋਕਾਂ ਨੇ ਇੱਕ ਵਾਰ ਫਿਰ ਸੱਤਾ ਦੀ ਚਾਬੀ ਅਰਵਿੰਦ ਕੇਜਰੀਵਾਲ ਨੂੰ ਸੌਂਪੀ ਹੈ। ਆਮ ਆਦਮੀ ਪਾਰਟੀ ਦੀਆਂ ਸੀਟਾਂ ਕੁਝ ਘਟ ਗਈਆਂ ਹਨ, ਪਰ ਇਸ ਦੇ ਬਾਵਜੂਦ ‘ਆਪ’ ਆਸਾਨੀ ਨਾਲ ਬਹੁਮਤ ਹਾਸਲ ਕਰ ਲਵੇਗੀ। ਕੇਜਰੀਵਾਲ ਹੀ ਦਿੱਲੀ ਦੇ ਅਗਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਹੁਣ ਸਵਾਲ ਇਹ ਹੈ ਕਿ ਕੀ ਕੇਜਰੀਵਾਲ 14 ਫਰਵਰੀ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਦਰਅਸਲ, ਕੇਜਰੀਵਾਲ ਦਾ 14 ਫਰਵਰੀ ਦੀ ਤਰੀਕ ਨਾਲ ਖਾਸ ਰਿਸ਼ਤਾ ਹੈ।
12 ਜਨਵਰੀ, 2015 ਨੂੰ ਦਿੱਲੀ ‘ਚ ਦੁਬਾਰਾ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਚੋਣ ਕਮਿਸ਼ਨ ਨੇ 7 ਫਰਵਰੀ ਨੂੰ ਵੋਟਿੰਗ ਤੇ 10 ਫਰਵਰੀ ਨੂੰ ਨਤੀਜੇ ਐਲਾਨੇ ਸੀ। ਉਸ ਸਮੇਂ ‘ਆਪ’ ਦੇ ਬੁਲਾਰੇ ਰਾਘਵ ਚੱਢਾ ਨੇ ਕਿਹਾ ਸੀ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਕੇਜਰੀਵਾਲ 14 ਫਰਵਰੀ ਨੂੰ ਸਹੁੰ ਚੁੱਕ ਦਿੱਲੀ ਵਾਸੀਆਂ ਨਾਲ ‘ਵੈਲੇਨਟਾਈਨ ਡੇਅ’ ਮਨਾਉਣਗੇ। ‘ਆਪ’ ਨੇ 70 ਚੋਂ 67 ਸੀਟਾਂ ਜਿੱਤ ਕੇ ਇਤਿਹਾਸ ਰਚਿਆ। ਜਿੱਤ ਤੋਂ ਬਾਅਦ ਕੇਜਰੀਵਾਲ ਨੇ 14 ਫਰਵਰੀ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ 14 ਫਰਵਰੀ ਨੂੰ ਇੱਕ ਬਹੁਤ ਹੀ ਖਾਸ ਦਿਨ ਮੰਨਣਾ ਸ਼ੁਰੂ ਕੀਤਾ। ਸਰਕਾਰ ਦਾ ਇੱਕ ਸਾਲ ਪੂਰਾ ਹੋਣ 'ਤੇ 14 ਫਰਵਰੀ, 2016 ਨੂੰ ਟਵੀਟ ਕੀਤਾ,"ਪਿਛਲੇ ਸਾਲ ਇਸ ਦਿਨ ਦਿੱਲੀ 'ਆਪ' ਦੇ ਪਿਆਰ ਵਿੱਚ ਪੈ ਗਈ ਸੀ। ਇਹ ਐਸੋਸੀਏਸ਼ਨ ਬਹੁਤ ਡੂੰਘਾ ਹੈ ਤੇ ਕਦੇ ਖ਼ਤਮ ਹੋਣ ਵਾਲਾ ਨਹੀਂ।" ਇਸ ਸਮੇਂ 11 ਫਰਵਰੀ ਨੂੰ ਨਤੀਜਿਆਂ ਦਾ ਐਲਾਨ ਲਗਭਗ ਹੋ ਚੁੱਕੀਆ ਹੈ। ਹੁਣ ਇਹ ਦੇਖਣਾ ਅਹਿਮ ਹੋਵੇਗਾ ਕਿ ਕੇਜਰੀਵਾਲ ਇੱਕ ਵਾਰ ਫਿਰ 14 ਫਰਵਰੀ ਨੂੰ ਅਹੁਦੇ ਦੀ ਸਹੁੰ ਚੁੱਕ ਕੇ ਇਸ ਤਾਰੀਖ ਨਾਲ ਆਪਣਾ ਖਾਸ ਰਿਸ਼ਤਾ ਸਾਬਤ ਕਰਨਗੇ।