ਸਿਓਲ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸੀ। ਕਿਮ ਜੋਂਗ ਉਨ ਦੀ ਸਿਹਤ ਨੂੰ ਲੈ ਕੇ ਸਸਪੈਂਸ ਅਜੇ ਵੀ ਬਰਕਰਾਰ ਹੈ। ਇਸੇ ਦਰਮਿਆਨ ਹੁਣ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੈ-ਇਨ ਦੇ ਵਿਦੇਸ਼ੀ ਨੀਤੀਆਂ ਬਾਰੇ ਸਲਾਹਕਾਰ ਨੇ ਉਨ੍ਹਾਂ ਦੀ ਸਿਹਤ ਬਾਰੇ ਅਟਕਲਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਐਤਵਾਰ ਨੂੰ CNN ਚੈਨਲ ਨੂੰ ਦੱਸਿਆ ਕਿ ਕਿਮ ਜੋਂਗ ਜਿੰਦਾ ਤੇ ਸਿਹਤਮੰਦ ਹਨ।

ਉਹ 13 ਅਪ੍ਰੈਲ ਤੋਂ ਉੱਤਰੀ ਕੋਰੀਆ ਦੇ ਵੋਨਸਨ ਖੇਤਰ ‘ਚ ਰਹੇ ਹਨ।  ਕਿਮ ਦੀ 12 ਅਪ੍ਰੈਲ ਨੂੰ ਦਿਲ ਦੀ ਸਰਜਰੀ ਹੋਈ ਸੀ। ਉਦੋਂ ਤੋਂ ਹੀ ਉਨ੍ਹਾਂ  ਦੀ ਸਿਹਤ ਬਾਰੇ ਕਈ ਗੱਲਾਂ ਕਹੀਆਂ ਜਾ ਰਹੀਆਂ ਹਨ। ਕਿਮ ਜੋਂਗ ਉਨ ਦੀ ਸਿਹਤ ਬਾਰੇ ਦੋ ਵੱਖਰੇ ਦਾਅਵੇ ਕੀਤੇ ਜਾ ਰਹੇ ਹਨ। ਸ਼ਨੀਵਾਰ ਦੇਰ ਰਾਤ ਨੂੰ ਹਾਂਗਕਾਂਗ ਦੇ ਇੱਕ ਚੈਨਲ ਨੇ ਆਪਣੀ ਰਿਪੋਰਟ ‘ਚ ਕਿਮ ਦੀ ਮੌਤ ਦੀ ਖਬਰ ਦਿੱਤੀ ਹੈ। ਉਸੇ ਸਮੇਂ ਇੱਕ ਦੱਖਣੀ ਕੋਰੀਆ ਦੀ ਮੀਡੀਆ ਰਿਪੋਰਟ ‘ਚ ਦਾਅਵਾ ਕੀਤਾ ਗਿਆ ਕਿ ਕਿਮ ਸਿਹਤਮੰਦ ਤੇ ਇੱਕ ਰਿਜੋਰਟ ‘ਚ ਸੀ।

ਕਿਮ ਇਸ ਸਾਲ ਪਹਿਲੀ ਵਾਰ ਆਪਣੇ ਦਾਦਾ ਜੀ ਦੇ ਸਮਾਗਮ ‘ਚ ਸ਼ਾਮਲ ਨਹੀਂ ਹੋਏ ਸੀ। ਇਹ ਪਹਿਲੀ ਵਾਰ ਸੀ ਜਦੋ ਕਿਮ 15 ਅਪ੍ਰੈਲ ਨੂੰ ਆਪਣੇ ਦਾਦਾ ਕਿਮ ਇਲ ਸੰਗ ਨਾਲ ਇਕ ਸਮਾਗਮ ‘ਚ ਸ਼ਾਮਲ ਨਹੀਂ ਹੋਏ  ਸੀ। ਉਦੋਂ ਤੋਂ ਹੀ ਅਟਕਲਾਂ ਸ਼ੁਰੂ ਹੋ ਗਈਆਂ ਸਨ। ਕੁਝ ਮਾਹਰਾਂ ਨੇ ਕਿਹਾ ਕਿ ਉਹ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਵਿਰਾਸਤ ਨਾਲੋਂ ਉਨ੍ਹਾਂ ਦੀ ਮਹੱਤਤਾ ਵਧੇਰੇ ਹੈ। ਇਸ ਦੇ ਨਾਲ ਹੀ ਉਹ ਰਵਾਇਤੀ ਪ੍ਰੋਗਰਾਮਾਂ ‘ਚ ਹਿੱਸਾ ਨਾ ਲੈ ਕੇ ਆਪਣੇ ਆਪ ਨੂੰ ਆਧੁਨਿਕ ਸਾਬਤ ਕਰਨਾ ਚਾਹੁੰਦੇ ਹਨ। ਕਿਮ ਦਿਖਾਉਣਾ ਚਾਹੁੰਦਾ ਹੈ ਕਿ ਉਹ ਉਨ੍ਹਾਂ ਦੇ ਪੁਰਖਿਆਂ ਵਰਗੇ ਨਹੀਂ ਹਨ। ਉਸੇ ਸਮੇਂ ਉਸ ਦੀ ਮੌਤ ਤੇ ਰਿਜ਼ੋਰਟ 'ਚ ਹੋਣ ਦੀ ਗੱਲ ਵੀ ਸਾਹਮਣੇ ਆਈ।

ਦੱਖਣੀ ਕੋਰੀਆ ਦੇ ਅਖਬਾਰ ਨੇ ਕਿਮ ਦੀ ਸਰਜਰੀ ਬਾਰੇ ਦਿੱਤੀ ਸੀ ਜਾਣਕਾਰੀ:

ਉੱਤਰ ਕੋਰੀਆ ਦੇ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੇ ਦੱਖਣੀ ਕੋਰੀਆ ਦੇ ਇੱਕ ਅਖਬਾਰ ਡੇਲੀ ਐਨਕੇ ਅਨੁਸਾਰ 12 ਅਪ੍ਰੈਲ ਨੂੰ ਕਿਮ ਦੀ ਦਿਲ ਦੀ ਸਰਜਰੀ ਹੋਈ। ਰਿਪੋਰਟ ਅਨੁਸਾਰ ਕਿਮ ਕਾਫ਼ੀ ਸਿਗਰਟ ਪੀਂਦੇ ਹਨ। ਉਨ੍ਹਾਂ ਨੂੰ ਮੋਟਾਪੇ ਦੀਆਂ ਸਮੱਸਿਆਵਾਂ ਹਨ ਤੇ ਉਹ ਵਧੇਰੇ ਕੰਮ ਕਰਦੇ ਹਨ। ਉਨ੍ਹਾਂ ਦਾ ਇਲਾਜ ਹਯਾਂਗਸਨ ਕਾਉਂਟੀ ਦੇ ਇੱਕ ਵਿਲਾ ‘ਚ ਕੀਤਾ ਗਿਆ। ਡੇਲੀ ਐਨ ਕੇ ਅਨੁਸਾਰ ਇਸ ਦੇ ਬਾਅਦ ਉਸ ਦੀ ਸਥਿਤੀ ‘ਚ ਸੁਧਾਰ ਦੀਆਂ ਖਬਰਾਂ ਆਈਆਂ ਹਨ। ਉਸ ਦੇ ਇਲਾਜ ‘ਚ ਲੱਗੇ ਮੈਡੀਕਲ ਟੀਮ ਦੇ ਜ਼ਿਆਦਾਤਰ ਮੈਂਬਰ 19 ਅਪ੍ਰੈਲ ਨੂੰ ਰਾਜਧਾਨੀ ਪਯੋਂਗਯਾਂਗ ਵਾਪਸ ਪਰਤੇ। ਕੁਝ ਮੈਂਬਰ ਉਨ੍ਹਾਂ ਦੀ ਦੇਖਭਾਲ ਕਰਨ ਲਈ ਉਥੇ ਹੀ ਰੁਕੇ ਰਹੇ।