ਕੋਲਕਾਤਾ: ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਵਿੱਚ ਚੱਲ ਰਿਹਾ ਅੰਦੋਲਨ ਹੁਣ ਪੱਛਮੀ ਬੰਗਾਲ ਤੱਕ ਪਹੁੰਚ ਗਿਆ ਹੈ। ਅੱਜ ਦੂਜੇ ਦਿਨ, ਸੰਯੁਕਤ ਕਿਸਾਨ ਮੋਰਚਾ ਨੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ। ਪਹਿਲੇ ਦਿਨ ਇੱਕ ਕਾਰ ਰੈਲੀ ਅਤੇ ਜਨਤਕ ਮੀਟਿੰਗ ਤੇ ਦੂਸਰੇ ਦਿਨ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ। ਅੱਜ ਕੋਲਕਾਤਾ ਤੋਂ ਇਲਾਵਾ, ਨੰਦੀਗਰਾਮ ਵਿੱਚ ਵੀ ਕਿਸਾਨ ਮਹਾਂਪੰਚਾਈਤ ਕੀਤੀ ਗਈ। ਕੋਲਕਾਤਾ ਦੇ ਈਡਨ ਗਾਰਡਨਜ਼ ਨੇੜੇ ਮਾਯੋ ਰੋਡ 'ਤੇ ਹੋਈ ਕਿਸਾਨ ਮਹਾਂਪੰਚਾਇਤ 'ਚ ਕਿਸਾਨ ਆਗੂ ਰਾਕੇਸ਼ ਟਿਕੈਤ, ਸਮਾਜ ਸੇਵੀ ਮੇਧਾ ਪਾਟਕਰ, ਸੀਪੀਆਈ ਨੇਤਾ ਅਤੁਲ ਅੰਜਨ ਸਮੇਤ ਕਈ ਪ੍ਰਮੁੱਖ ਚਿਹਰੇ ਸ਼ਾਮਲ ਹੋਏ। 


 


ਕੋਲਕਾਤਾ ਦੇ ਵਿਚੋਂ-ਵਿੱਚ ਲਗਭਗ ਇਕ ਹਜ਼ਾਰ ਲੋਕਾਂ ਦੀ ਮੌਜੂਦਗੀ 'ਚ, ਕਿਸਾਨ ਮਹਾਂਪੰਚਾਇਤ 'ਚ ਸਾਰੇ ਨੇਤਾਵਾਂ ਨੇ ਸਿਰਫ ਇਕ ਅਪੀਲ ਕੀਤੀ ਹੈ। ਇਹ ਅਪੀਲ ਭਾਜਪਾ ਨੂੰ ਹਰਾਉਣ ਦੀ ਹੈ। ਮੰਚ 'ਤੇ ਮੌਜੂਦ ਨੇਤਾਵਾਂ ਦਾ ਕਹਿਣਾ ਸੀ ਕਿ ਕਿਸਾਨ ਅਤੇ ਮਜ਼ਦੂਰ ਬੀਜੇਪੀ ਨੂੰ ਛੱਡ ਕੇ ਜਿਸ ਨੂੰ ਚਾਹੇ ਮਰਜ਼ੀ ਵੋਟ ਪਾਉਣ। ਇਹ ਹੀ ਅਪੀਲ ਕਰਨ ਲਈ ਉਹ ਕੋਲਕਾਤਾ ਅਤੇ ਬੰਗਾਲ ਆਏ ਹਨ। ਸੰਯੁਕਤ ਕਿਸਾਨ ਮੋਰਚੇ ਦੇ ਮੰਚ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਨੂੰ ਪੁੱਛਿਆ ਜਾ ਰਿਹਾ ਹੈ ਕਿ ਅਸੀਂ ਬੰਗਾਲ ਕਿਉਂ ਆਏ, ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਸਰਕਾਰ ਦਿੱਲੀ ਤੋਂ ਬੰਗਾਲ ਆਈ ਹੈ, ਇਸ ਲਈ ਅਸੀਂ ਵੀ ਇਥੇ ਆਏ ਹਾਂ। 




ਅੰਦੋਲਨ 'ਚ ਤਕਰੀਬਨ 300 ਕਿਸਾਨ ਸ਼ਹੀਦ ਹੋਏ ਪਰ 2 ਮਿੰਟ ਦਾ ਮੌਨ ਤੱਕ ਨਹੀਂ ਰੱਖਿਆ ਗਿਆ। ਇਹ ਲੁਟੇਰਿਆਂ ਦੀ ਸਰਕਾਰ ਹੈ, ਇਸ ਲਈ ਉਹ ਕਿਸਾਨਾਂ ਨਾਲ ਗੱਲ ਨਹੀਂ ਕਰ ਰਹੇ। ਸਰਕਾਰ ਕਾਰੋਬਾਰੀਆਂ ਦੇ ਹੱਥ ਵਿੱਚ ਹੈ। ਸਰਕਾਰ ਗੱਲ ਨਹੀਂ ਕਰ ਰਹੀ ਕਿਉਂਕਿ ਇਸ ਨਾਲ ਕਾਰੋਬਾਰ ਪ੍ਰਭਾਵਤ ਹੋਵੇਗਾ। ਉਨ੍ਹਾਂ ਕਿਹਾ ਦੇਸ਼ ਨੂੰ ਬਚਾਉਣ ਲਈ, ਕੰਪਨੀ ਵਾਲੀ ਸਰਕਾਰ ਨੂੰ ਭਜਾਉਣਾ ਪਵੇਗਾ। ਮੌਜੂਦਾ ਸਰਕਾਰ ਈਸਟ ਇੰਡੀਆ ਕੰਪਨੀ ਵਰਗੀ ਹੈ, ਜੋ ਸਭ ਕੁਝ ਵੇਚ ਰਹੀ ਹੈ। 


 


ਟਿਕੈਤ ਨੇ ਕਿਹਾ ਅਸੀਂ ਕਹਾਂਗੇ ਕਿ ਲੋਕ ਜਿਸ ਨੂੰ ਉਹ ਚਾਹੁੰਦੇ ਹਨ ਉਸ ਨੂੰ ਵੋਟ ਦੇ ਸਕਦੇ ਹਨ, ਸਿਰਫ ਉਨ੍ਹਾਂ ਨੂੰ ਛੱਡ ਕੇ ਜੋ ਦੇਸ਼ ਵੇਚਦੇ ਹਨ। ਉਨ੍ਹਾਂ ਕਿਹਾ ਰੇਲਵੇ, ਟੈਲੀਫੋਨ, ਹਵਾਈ ਅੱਡੇ ਵੇਚਣ ਤੋਂ ਬਾਅਦ, ਹੁਣ ਭੁੱਖ ਨੂੰ ਵੇਚਣ ਨਿਕਲੇ ਹਨ। ਗੋਦਾਮ ਪਹਿਲਾਂ ਬਣਾਏ ਗਏ ਸੀ ਅਤੇ ਕਾਨੂੰਨ ਨੂੰ   ਬਾਅਦ 'ਚ ਲਿਆਂਦਾ ਗਿਆ। ਉਨ੍ਹਾਂ ਕਿਹਾ ਜਦ ਤੱਕ ਭਾਰਤ ਸਰਕਾਰ ਸਾਡੀ ਗੱਲ ਸੁਣਨ ਲਈ ਗੱਲ ਨਹੀਂ ਕਰਦੀ, ਅੰਦੋਲਨ ਖ਼ਤਮ ਨਹੀਂ ਹੋਵੇਗਾ। ਅਸੀਂ ਬਹੁਤ ਦੁੱਖ ਝੱਲ ਰਹੇ ਹਾਂ ਪਰ ਅਸੀਂ ਟੁੱਟਾਂਗੇ ਨਹੀਂ। ਅਸੀਂ ਸੜਕਾਂ 'ਤੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਕਿਉਂਕਿ ਅੰਦੋਲਨ ਲੰਬਾ ਚੱਲੇਗਾ।