ਚੰਡੀਗੜ੍ਹ: ਸੋਮਵਾਰ ਨੂੰ ਲਾਕਡਾਉਨ 3 (Lockdown3) ਦੇ ਤੀਜੇ ਪੜਾਅ ਦੇ ਸ਼ੁਰੂ ਹੋਣ ਦੇ ਨਾਲ ਹੀ ਸ਼ਰਾਬ ਦੀ ਵਿਕਰੀ (Liquor Sales) ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਜਿਉਂ ਹੀ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਤਾਂ ਲੋਕਾਂ ਦੀ ਭਰਮਾਰ ਹੋ ਗਈ। ਇਸੇ ਦੌਰਾਨ ਸਮਾਜਕ ਦੂਰੀਆਂ (Social Distancing) ਨੂੰ ਬੁਰੀ ਤਰ੍ਹਾਂ ਭੰਗ ਕੀਤਾ ਗਿਆ। ਇਸ ਦੇ ਮੱਦੇਨਜ਼ਰ ਕਈ ਸੂਬਿਆਂ ਵਿੱਚ ਆਨਲਾਈਨ ਸ਼ਰਾਬ ਦੀ ਵਿਕਰੀ ‘ਤੇ ਮੰਥਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ‘ਚ ਸ਼ਰਾਬ ਦੀ ਹੋਮ ਡਿਲੀਵਰੀ (Home Delivery) ਨੂੰ ਮਨਜ਼ੂਰੀ ਮਿਲ ਸਕਦੀ ਹੈ।


ਪੰਜਾਬ ‘ਚ ਸ਼ਰਾਬ ਦੀਆਂ ਦੁਕਾਨਾਂ ਨੂੰ ਮੁੜ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੁਕਾਨਦਾਰਾਂ ਦੀ ਮੰਗ ਹੈ ਕਿ ਸਰਕਾਰ ਸ਼ਰਾਬ ਦੀ ਹੋਮ ਡਿਲੀਵਰੀ ਦੀ ਇਜਾਜ਼ਤ ਦੇਵੇ। ਇਸ ਬਾਰੇ ਪੰਜਾਬ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਮੈਂ ਇਸ ਦੇ ਹੱਕ ਵਿੱਚ ਹਾਂ ਕਿ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣੀਆਂ ਚਾਹੀਦੀਆਂ ਹਨ, ਪਰ ਮੈਂ ਆਨਲਾਈਨ ਡਿਲੀਵਰੀ ਦੇ ਖਿਲਾਫ ਹਾਂ ਤੇ ਸਿੱਧੇ ਠੇਕੇ ਖੋਲ੍ਹਣਾ ਚਾਹੁੰਦਾ ਹਾਂ।

ਇਸ ‘ਤੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਅੰਤਮ ਫੈਸਲਾ ਹੋਣ ਵਾਲੀ ਕੈਬਿਨਟ ਮੀਟਿੰਗ ‘ਚ ਲਿਆ ਜਾਏਗਾ। ਦੱਸ ਦਈਏ ਕਿ ਪੰਜਾਬ ਕਰਫਿਊ ‘ਚ ਢਿੱਲ ਦੇਣ ਤੋਂ ਬਾਅਦ ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਹੁਣ ਸ਼ਰਾਬ ਦੀਆਂ ਦੁਕਾਨਾਂ ਵੀ ਖੋਲ੍ਹ ਸਕਦੀਆਂ ਹਨ, ਜਿਨ੍ਹਾਂ ‘ਚ ਸ਼ਾਮ 6 ਵਜੇ ਤਕ ਸ਼ਰਾਬ ਦੀ ਹੋਮ ਡਿਲੀਵਰੀ ਹੋ ਸਕਦੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਰਾਬ ਦੀ ਆਨਲਾਈਨ ਵਿਕਰੀ ਭੀੜ ਨੂੰ ਕਾਬੂ ਕਰਨ ਵਿਚ ਮਦਦ ਮਿਲੇਗੀ। ਨਾਲ ਹੀ ਅਪਰੈਲ 2020 ਵਿਚ 500 ਕਰੋੜ ਦੇ ਆਰਥਿਕ ਨੁਕਸਾਨ ਦੀ ਭਰਪਾਈ ਹੋਣ ਦੀ ਵੀ ਉਮੀਦ ਹੈ।