ਚੰਡੀਗੜ੍ਹ: ਮੁਹਾਲੀ ਵਿੱਚ ਬੁੱਧਵਾਰ ਨੂੰ ਮੁਕੰਮਲ ਲੌਕਡਾਊਨ ਰਹੇਗਾ। ਇਹ ਲੌਕਡਾਊਨ ਰਾਮ ਨੌਮੀ ਕਰਕੇ ਲਾਇਆ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਚੰਡੀਗੜ੍ਹ ਯੂਟੀ ਦੇ ਸਲਾਹਕਾਰ ਨੇ ਮੁਹਾਲੀ ਵਿੱਚ ਲੌਕਡਾਊਨ ਲਾਉਣ ਦੀ ਅਪੀਲ ਕੀਤੀ ਸੀ ਤਾਂ ਜੋ ਸਮੁੱਚੇ ਟ੍ਰਾਈਸਿਟੀ ਵਿੱਚ ਲੌਕਡਾਊਨ ਲਾਇਆ ਜਾ ਸਕੇ। ਇਸ ਲਈ ਪੰਜਾਬ ਸਰਕਾਰ ਨੇ ਵੀ ਲੌਕਡਾਉਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਪੰਜਾਬ ’ਚ ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਰ ਸਖਤ ਪਾਬੰਦੀਆਂ ਲਾਉਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਪਾਬੰਦੀਆਂ ਵਿੱਚ ਰਾਤਰੀ ਕਰਫਿਊ ਦਾ ਸਮਾਂ ਵਧਾ ਕੇ ਰਾਤ 8 ਤੋਂ ਸਵੇਰੇ 5 ਵਜੇ ਤੱਕ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸੂਬੇ ਵਿਚਲੇ ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਕੋਚਿੰਗ ਸੈਂਟਰ, ਖੇਡ ਕੰਪਲੈਕਸ ਬੰਦ ਰਹਿਣਗੇ ਤੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਰੈਸਟੋਰੈਂਟਾਂ ਤੇ ਹੋਟਲਾਂ ਨੂੰ ਸਿਰਫ ਖਾਣਾ ਘਰ ਲਿਜਾਣ ਤੇ ਹੋਮ ਡਿਲਿਵਰੀ ਦੀ ਇਜਾਜ਼ਤ ਦਿੱਤੀ ਗਈ ਹੈ। ਨਿੱਜੀ ਲੈਬਾਂ ਨੇ ਆਰਟੀ-ਪੀਸੀਆਰ ਤੇ ਰੈਪਿਡ ਐਂਟੀਜੈਨ ਟੈਸਟਿੰਗ (ਆਰਏਟੀ) ਦੀਆਂ ਕੀਮਤਾਂ ਘਟਾ ਕੇ ਕ੍ਰਮਵਾਰ 450 ਰੁਪਏ ਤੇ 300 ਰੁਪਏ ਕਰ ਦਿੱਤੀਆਂ ਹਨ।
ਸਰਕਾਰ ਸੂਬੇ ਵਿੱਚ ਵਿਆਹਾਂ/ਸਸਕਾਰ ਸਮੇਤ ਹਰ ਤਰ੍ਹਾਂ ਦੇ ਇਕੱਠ ’ਚ 20 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਾਊਂ ਮਨਜ਼ੂਰੀ ਜ਼ਰੂਰੀ ਕਰਾਰ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਹ ਨਵੀਆਂ ਪਾਬੰਦੀਆਂ, ਜਿਨ੍ਹਾਂ ਵਿੱਚ ਸਾਰੇ ਮਾਲ, ਦੁਕਾਨਾਂ ਤੇ ਬਾਜ਼ਾਰਾਂ ਐਤਵਾਰ ਵਾਲੇ ਦਿਨ ਬੰਦ ਕਰਨਾ ਸ਼ਾਮਲ ਹੈ, ਪਹਿਲਾਂ ਵਾਲੀਆਂ ਪਾਬੰਦੀਆਂ ਸਮੇਤ 30 ਅਪਰੈਲ ਤੱਕ ਲਾਗੂ ਰਹਿਣਗੀਆਂ। ਸਮੁੱਚੇ ਹਫਤਾਵਾਰੀ ਬਾਜ਼ਾਰ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/