ਲਖਨਊ: ਉੱਤਰ ਪ੍ਰਦੇਸ਼ 'ਚ ਰਾਜ ਸਰਕਾਰ ਲਗਾਤਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਘਿਰਦੀ ਜਾ ਰਹੀ ਹੈ। ਬਲਰਾਮਪੁਰ ਦੇ ਹਾਥਰਸ ਦੀ ਘਟਨਾ ਤੋਂ ਬਾਅਦ ਹੁਣ ਲਖਨਊ ਵਿੱਚ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਔਰਤ ਉੱਚ ਪੁਲਿਸ ਅਧਿਕਾਰੀਆਂ ਕੋਲ ਐਫਆਈਆਰ ਲਿਖਵਾਉਣ ਲਈ ਚੱਕਰ ਲਗਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਔਰਤ ਪਿਛਲੇ 15 ਦਿਨਾਂ ਤੋਂ ਥਾਣੇ ਅਤੇ ਅਧਿਕਾਰੀਆਂ ਦੇ ਚੱਕਰ ਲਗਾ ਰਹੀ ਹੈ।
ਪੀੜਤਾ ਲੜਕੀ ਦਾ ਦੋਸ਼ ਹੈ ਕਿ ਨਸ਼ੀਲੀ ਚੀਜ਼ ਖਵਾ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਪੀੜਤਾ ਅਨੁਸਾਰ ਤਿੰਨ ਲੋਕਾਂ ਨੇ ਘਰ ਬੁਲਾ ਕੇ ਗੈਂਗਰੇਪ ਕੀਤਾ। ਪੀੜਤਾ ਦਾ ਕਹਿਣਾ ਹੈ ਕਿ ਅੱਠ ਮਹੀਨੇ ਪਹਿਲਾਂ ਅਭਿਸ਼ੇਕ ਵਰਮਾ ਨਾਮ ਦਾ ਵਿਅਕਤੀ ਵਿਆਹ ਦੇ ਵਾਅਦੇ ਨਾਲ ਕਾਨਪੁਰ ਤੋਂ ਲਖਨਊ ਲਿਆਇਆ ਸੀ। ਪੀੜਤਾ ਨੇ ਦੋਸ਼ ਲਾਇਆ ਕਿ ਪਰਿਵਾਰ ਨੂੰ ਮਿਲਾਉਣ ਦੇ ਬਹਾਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।
ਇਹ ਘਟਨਾ ਸਰੋਜਨੀ ਨਗਰ ਥਾਣਾ ਖੇਤਰ ਦੀ ਹੈ। ਦੋਸ਼ੀ ਅਭਿਸ਼ੇਕ ਵਰਮਾ ਰਿਟਾਇਰਡ ਇੰਸਪੈਕਟਰ ਦਾ ਬੇਟਾ ਹੈ, ਇਸ ਤੋਂ ਇਲਾਵਾ ਦੋ ਹੋਰ ਸਾਥੀਆਂ 'ਤੇ ਵੀ ਸਮੂਹਿਕ ਜਬਰ ਜਨਾਹ ਦੇ ਦੋਸ਼ ਲਗਾਏ ਗਏ ਹਨ। ਪੀੜਤ ਲੜਕੀ ਦਾ ਕਹਿਣਾ ਹੈ ਕਿ ਕਮਿਸ਼ਨਰ ਸੁਜੀਤ ਪਾਂਡੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਵੀ ਰਿਪੋਰਟ ਨਹੀਂ ਲਿਖੀ ਗਈ ਹੈ। ਇੰਨਾ ਹੀ ਨਹੀਂ, ਪੀੜਤ ਲੜਕੀ ਦਾ ਦੋਸ਼ ਹੈ ਕਿ ਸਰੋਜਨੀਨਗਰ ਥਾਣੇ ਵਿੱਚ ਬੈਠੇ ਪੁਲਿਸ ਮੁਲਾਜ਼ਮ ਉਸ ਨੂੰ ਧਮਕੀ ਦਿੰਦੇ ਹਨ।
ਮਹਿਲਾ ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਉਸ ਦੀ ਦੀਆਂ ਕੁਝ ਅਸ਼ਲੀਲ ਫੋਟੋਆਂ ਵਾਇਰਲ ਕਰਨ ਦੀ ਧਮਕੀ ਦਿੱਤੀ ਹੈ। ਇਸ ਤੋਂ ਇਲਾਵਾ ਔਰਤ ਨੇ ਕਿਹਾ ਕਿ ਸ਼ਿਕਾਇਤ ਕਰਨ 'ਤੇ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀ ਦਿੱਤੀ ਜਾ ਰਹੀ ਹੈ।