ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਤੋਂ ਕਿਸਾਨ ਮੇਲਾ ਸ਼ੁਰੂ ਹੋ ਚੁੱਕਾ ਹੈ ਪਰ ਕਿਸਾਨਾਂ ਲਈ ਲਾਏ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਹੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੇਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਰਕਤ ਕਰਨੀ ਸੀ ਤੇ ਜਦੋਂ ਤਕ ਕੈਪਟਨ ਆ ਨਹੀਂ ਗਏ, ਉਦੋਂ ਤਕ ਪੁਲਿਸ ਨੇ ਮੇਲੇ ਦਾ ਮੁੱਖ ਗੇਟ ਬੰਦ ਰੱਖਿਆ। ਕੈਪਟਨ ਦੇ ਪੁੱਜਣ ਤੋਂ ਬਾਅਦ ਐਂਟਰੀ ਲਈ ਉਹ ਗੇਟ ਖੋਲ੍ਹਿਆ ਗਿਆ।

ਦੱਸ ਦੇਈਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦੋ ਰੋਜ਼ਾ ਕਿਸਾਨ ਮੇਲਾ ਕਰਾਇਆ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੇਲੇ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਸਬੰਧੀ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਜਦੋਂ ਤਕ ਕੈਪਟਨ ਸਾਹਿਬ ਨਹੀਂ ਆਉਣਗੇ, ਉਦੋਂ ਤਕ ਮੇਲੇ ਦਾ ਮੁੱਖ ਗੇਟ ਨਹੀਂ ਖੋਲ੍ਹਿਆ ਜਾਏਗਾ। ਇਸ ਤੋਂ ਪਰੇਸ਼ਾਨ ਕਿਸਾਨਾਂ ਨੇ ਸਰਕਾਰ ਵਿਰੋਧੀ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਕਿਸਾਨਾਂ ਨੇ ਕਿਹਾ ਕਿ ਅਫ਼ਸਰਸ਼ਾਹੀ ਖ਼ਤਮ ਨਹੀਂ ਹੋ ਰਹੀ। ਮੇਲਾ ਆਮ ਲੋਕਾਂ ਲਈ ਲਾਇਆ ਹੈ, ਲੋਕ ਸਵੇਰੇ 8 ਵਜੇ ਤੋਂ ਇੱਥੇ ਖੜੇ ਹਨ, ਪਰ ਕਿੰਨੀ ਦੇਰ ਤਕ ਉਨ੍ਹਾਂ ਦੀ ਐਂਟਰੀ ਨਹੀਂ ਹੋਈ। ਇਸ ਲਈ ਉਨ੍ਹਾਂ ਸਰਕਰਾ ਵਿਰੋਧੀ ਨਾਅਰੇ ਲਾਏ।