ਨਵੀਂ ਦਿੱਲੀ: ਦੇਸ਼ ‘ਚ ਘਾਤਕ ਕੋਰੋਨਾਵਾਇਰਸ ਸੰਕਟ ਤੇ ਲੌਕਡਾਊਨ ਵਿਚਕਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕਿਹਾ ਹੈ ਕਿ ਅੱਜ ਪੂਰਾ ਦੇਸ਼ ਕੋਰੋਨਾ ਵਿਸ਼ਾਣੂ ਦੀ ਮਹਾਂਮਾਰੀ ਵਿਰੁੱਧ ਲੜਾਈ ਲੜ ਰਿਹਾ ਹੈ। ਕੋਰੋਨਾ ਨੂੰ ਹਰਾਉਣਾ ਹਰ ਇੱਕ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਰਗਾ ਵੱਡਾ ਦੇਸ਼ ਜੋ ਵਿਕਾਸ ਲਈ ਯਤਨਸ਼ੀਲ ਹੈ, ਅੱਜ ਇਹ ਗਰੀਬਾਂ ਲਈ ਫੈਸਲਾਕੁੰਨ ਲੜਾਈ ਲੜ ਰਿਹਾ ਹੈ।
ਪੀਐਮ ਮੋਦੀ ਨੇ ਕਿਹਾ, “ਹਰ ਕੋਈ ਆਪਣੀ ਯੋਗਤਾ ਅਨੁਸਾਰ ਇਹ ਲੜਾਈ ਲੜ ਰਿਹਾ ਹੈ। ਕੋਈ ਆਪਣੀ ਪੂਰੀ ਪੈਨਸ਼ਨ, ਇਨਾਮੀ ਰਾਸ਼ੀ ਪੀਐਮ ਕੇਅਰਸ ‘ਚ ਜਮ੍ਹਾ ਕਰ ਰਿਹਾ ਹੈ, ਕੁਝ ਲੋਕ ਖੇਤ ਦੀਆਂ ਸਾਰੀਆਂ ਸਬਜ਼ੀਆਂ ਦਾਨ ਕਰ ਰਹੇ ਹਨ, ਕੁਝ ਮਾਸਕ ਬਣਾ ਰਹੇ ਹਨ ਤੇ ਕਿਤੇ ਮਜ਼ਦੂਰ ਭਰਾ- ਭੈਣ ਸਕੂਲ ਨੂੰ ਪੇਂਟ ਕਰ ਰਹੇ ਹਨ।”
ਮੋਦੀ ਨੇ ਕਿਹਾ, “ਤਾਲੀ, ਥਾਲੀ, ਦੀਵਾ, ਮੋਮਬੱਤੀ ਇਨ੍ਹਾਂ ਸਭ ਚੀਜ਼ਾਂ ਨੇ ਭਾਵਨਾਵਾਂ ਨੂੰ ਜਨਮ ਦਿੱਤਾ ਜਿਸ ਭਾਵਨਾ ਨਾਲ ਦੇਸ਼ ਵਾਸੀਆਂ ਨੇ ਕੁਝ ਕਰਨ ਦਾ ਫੈਸਲਾ ਲਿਆ, ਇਨ੍ਹਾਂ ਚੀਜ਼ਾਂ ਨੇ ਸਾਰਿਆਂ ਨੂੰ ਪ੍ਰੇਰਿਤ ਕੀਤਾ। ਇਸ ਮਹਾਂਮਾਰੀ ਦੇ ਵਿਚਕਾਰ ਸਾਡੇ ਕਿਸਾਨ ਭਰਾ ਅਤੇ ਭੈਣ ਦਿਨ ਰਾਤ ਆਪਣੇ ਖੇਤਾਂ ‘ਚ ਸਖਤ ਮਿਹਨਤ ਕਰ ਰਹੇ ਹਨ ਅਤੇ ਇਹ ਵੀ ਚਿੰਤਤ ਹਨ ਕਿ ਦੇਸ਼ ‘ਚ ਕੋਈ ਭੁੱਖਾ ਨਾ ਸੋਵੇ।”