ਨਵੀਂ ਦਿੱਲੀ: ਕੋਰੋਨਾ ਦੇ ਕਹਿਰ ਵਿੱਚੋਂ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਵੇਖ ਹਰ ਸੰਵੇਦਨਸ਼ੀਲ ਹਿਰਦਾ ਕੁਰਲਾ ਉੱਠਿਆ ਹੈ। ਇਸ ਤਸਵੀਰ ਵਿੱਚ ਅਣਭੋਲ ਬੱਚਾ ਰੇਲਵੇ ਪਲੇਟਫਾਰਮ ‘ਤੇ ਪਈ ਆਪਣੀ ਮਾਂ ਤੋਂ ਕੱਪੜਾ ਖਿੱਚ ਰਿਹਾ ਹੈ। ਉਸ ਨੂੰ ਇਹ ਨਹੀਂ ਪਤਾ ਕਿ ਉਸ ਦੀ ਮਾਂ ਤਾਂ ਮਰ ਚੁੱਕੀ ਹੈ। ਉਹ ਆਪਣੀ ਮਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਫਿਰ ਉਸੇ ਕੱਪੜੇ ਹੇਠ ਲੁੱਕ ਗਿਆ।

ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਲਾਲੂ ਪ੍ਰਸ਼ਾਦ ਦੇ ਬੇਟੇ ਤੇਜਸ਼ਵੀ ਯਾਦਵ ਦੇ ਕਰੀਬੀ ਸੰਜੇ ਯਾਦਵ ਨੇ ਵੀਡੀਓ ਟਵੀਟ ਕੀਤਾ। ਵੀਡੀਓ ਵਿੱਚ ਬੱਚਾ ਆਪਣੀ ਮਾਂ ਦੀ ਮੌਤ ਤੋਂ ਅਣਜਾਣ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮ੍ਰਿਤਕ ਔਰਤ ਦੀ ਪਛਾਣ ਉਰੇਸ਼ ਖਾਤੂਨ (35) ਵਜੋਂ ਹੋਈ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਔਰਤ ਦੀ ਲਾਸ਼ ਪਲੇਟਫਾਰਮ 'ਤੇ ਪਈ ਸੀ।



ਇਸ ਦੇ ਨਾਲ ਹੀ ਮੁਜ਼ੱਫਰਪੁਰ ਵਿੱਚ ਸਰਕਾਰੀ ਰੇਲਵੇ ਪੁਲਿਸ ਦੇ ਡਿਪਟੀ ਸੁਪਰਡੈਂਟ ਰਮਾਕਾਂਤ ਉਪਾਧਿਆਏ ਨੇ ਦੱਸਿਆ ਕਿ ਇਹ ਘਟਨਾ 25 ਮਈ ਨੂੰ ਉਸ ਸਮੇਂ ਵਾਪਰੀ ਜਦੋਂ ਪ੍ਰਵਾਸੀ ਔਰਤ ਮਜ਼ਦੂਰ ਅਹਿਮਦਾਬਾਦ ਤੋਂ ਮੁਜ਼ੱਫਰਪੁਰ ਰੇਲ ਗੱਡੀ ਵਿਚ ਆਈ ਸੀ। ਰੇਲਵੇ ਨੇ ਕਿਹਾ ਕਿ ਔਰਤ ਪਹਿਲਾਂ ਹੀ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਸੀ ਤੇ ਹਾਲ ਹੀ ਵਿੱਚ ਉਸ ਦੀ ਸਰਜਰੀ ਵੀ ਹੋਈ।

ਦੱਸ ਦਈਏ ਕਿ ਸੋਮਵਾਰ ਤੋਂ ਉੱਤਰ ਪ੍ਰਦੇਸ਼ ਤੇ ਬਿਹਾਰ ਜਾਣ ਵਾਲੀਆਂ ਵੱਖਰੀਆਂ ਰੇਲ ਗੱਡੀਆਂ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਪਰ ਦੋਵਾਂ ਰਾਜਾਂ ਦੇ ਰੇਲਵੇ ਤੇ ਸਿਵਲ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਉਧਰ ਬਿਹਾਰ ਦੇ ਦਾਨਾਪੁਰ ਵਿੱਚ 70 ਸਾਲਾ ਬੁਜ਼ਰਗ ਦੀ ਲਾਸ਼ ਨੂੰ ਮੁੰਬਈ-ਦਰਭੰਗ ਰੇਲ ਗੱਡੀ ਤੋਂ ਉਤਾਰਿਆ ਗਿਆ। ਉਸ ਨੂੰ ਦਿਲ ਦੀ ਬਿਮਾਰੀ ਸੀ।

ਇਸ ਤੋਂ ਇਲਾਵਾ ਬੁੱਧਵਾਰ ਸਵੇਰੇ ਵਾਰਾਨਸੀ ਰੇਲਵੇ ਸਟੇਸ਼ਨ 'ਤੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਇੱਕ ਟ੍ਰੇਨ 'ਚ ਮੌਤ ਹੋ ਗਈ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਦਸ਼ਰਥ ਪ੍ਰਜਾਪਤੀ (30) ਜੋ ਜੌਨਪੁਰ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਵਜੋਂ ਹੋਈ। ਮ੍ਰਿਤਕ ਮੁੰਬਈ ਵਿੱਚ ਕਿਡਨੀ ਦਾ ਇਲਾਜ ਕਰਵਾਇਆ ਗਿਆ ਸੀ।

ਪੁਲਿਸ ਸੁਪਰਡੈਂਟ ਦੇਵੇਂਦਰ ਨਾਥ ਨੇ ਦੱਸਿਆ ਕਿ ਸੂਰਤ-ਹਾਜੀਪੁਰ ਰੇਲ ਗੱਡੀ ਵਿਚ 58 ਸਾਲਾ ਮਜ਼ਦੂਰ ਉੱਤਰ ਪ੍ਰਦੇਸ਼ ਦੇ ਬਲੀਆ ‘ਚ ਮਰੇ ਹੋਏ ਮਿਲੇ। ਕਾਨਪੁਰ ਵਿੱਚ ਝਾਂਸੀ-ਗੋਰਖਪੁਰ ਰੇਲ ਗੱਡੀ ਵਿੱਚ ਦੋ ਪ੍ਰਵਾਸੀ ਮਜ਼ਦੂਰ ਮ੍ਰਿਤਕ ਪਾਏ ਗਏ। ਜਿਨ੍ਹਾਂ ਚੋਂ ਇੱਕ ਦੀ ਪਛਾਣ ਰਾਮ ਅਵਧ ਚੌਹਾਨ (45) ਵਜੋਂ ਹੋਈ। ਜਦਕਿ ਦੂਜੇ ਦੀ ਪਛਾਣ ਨਹੀਂ ਹੋ ਸਕੀ। ਬਹਿਰਾਇਚ ਦੇ ਵਸਨੀਕ ਸ਼ੇਖ ਸਲੀਮ ਦੀ ਲਾਸ਼ ਮੱਧ ਪ੍ਰਦੇਸ਼ ਦੀ ਵਾਪੀ-ਦੀਨਦਿਆਲ ਉਪਾਧਿਆਏ ਜੰਕਸ਼ਨ ਰੇਲ ਗੱਡੀ ਚੋਂ ਮਿਲੀ।

ਜ਼ਿਆਦਾਤਰ ਮਰੇ ਹੋਏ ਪਹਿਲਾਂ ਹੀ ਬਿਮਾਰ ਸੀ- ਰੇਲਵੇ

ਰੇਲਵੇ ਨੇ ਬੁੱਧਵਾਰ ਨੂੰ ਕਿਹਾ ਕਿ ਜ਼ਿਆਦਾਤਰ ਮੌਤਾਂ ‘ਚ ਮ੍ਰਿਤਕ ਪਹਿਲਾਂ ਹੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸੀ। ਹਾਲਾਂਕਿ, ਇਹ ਇਲਜ਼ਾਮ ਲੱਗ ਰਹੇ ਹਨ ਕਿ ਇਹ ਯਾਤਰੀ ਭੁੱਖ ਅਤੇ ਪਿਆਸ ਨਾਲ ਮਰੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904