ਉੱਤਰੀ ਭਾਰਤ ਦੇ ਪਹਾੜਾਂ 'ਚ 22 ਤੋਂ 25 ਜਨਵਰੀ ਦੇ ਦਰਮਿਆਨ ਬਰਫਬਾਰੀ ਹੋਣ ਅਤੇ ਮੈਦਾਨੀ ਇਲਾਕਿਆਂ 'ਚ ਕੁਝ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਮੌਸਮ 22-23 ਜਨਵਰੀ ਤੱਕ ਬਦਲ ਸਕਦਾ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਉੱਤਰੀ ਭਾਰਤ ਵਿੱਚ ਕੋਲਡ ਓਰੇਂਜ ਚੇਤਾਵਨੀ ਜਾਰੀ ਕੀਤੀ ਹੈ। ਦਿੱਲੀ ਸਮੇਤ ਉੱਤਰ ਭਾਰਤ ਵਿੱਚ ਠੰਡ ਦਾ ਪ੍ਰਭਾਵ ਜਾਰੀ ਹੈ। ਇਸ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਉੱਤਰ ਭਾਰਤ 'ਚ ਠੰਡ ਪੈ ਰਹੀ ਹੈ ਅਤੇ ਦੂਜੇ ਪਾਸੇ ਦੱਖਣੀ ਭਾਰਤ 'ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਜੂਦਾ ਮੌਸਮੀ ਹਾਲਤਾਂ ਦੇ ਅਨੁਸਾਰ 21 ਜਨਵਰੀ ਦੀ ਰਾਤ ਤੱਕ ਇੱਕ ਨਵੀਂ ਪੱਛਮੀ ਗੜਬੜੀ ਉੱਤਰੀ ਭਾਰਤ ਦੇ ਪਹਾੜੀ ਰਾਜਾਂ 'ਤੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦੇਵੇਗੀ। ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਕੇਰਲ ਵਿੱਚ ਚੱਕਰਵਾਤੀ ਪ੍ਰਭਾਵਾਂ ਦੇ ਕਾਰਨ ਅਗਲੇ 2-3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਹਫਤੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਮੌਗਾ, ਕਰਨਾਲ, ਅੰਬਾਲਾ, ਯਮੁਨਾਨਗਰ, ਪਾਣੀਪਤ, ਸੋਨੀਪਤ, ਮੇਰਠ, ਬਰੇਲੀ, ਲਖਨਊ, ਉਨਾਓ, ਕਾਨਪੁਰ, ਬਹਰਾਇਚ, ਪ੍ਰਯਾਗਰਾਜ, ਵਾਰਾਣਸੀ, ਪਟਨਾ 'ਚ ਸੰਘਣੀ ਧੁੰਦ ਕਾਰਨ ਰੇਲ, ਸੜਕ ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਵੇਗੀ।
ਅਨੁਮਾਨਾਂ ਅਨੁਸਾਰ ਉਪ-ਹਿਮਾਲੀਅਨ ਖਿੱਤਿਆਂ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਹਿਮਾਚਲ ਪ੍ਰਦੇਸ਼, ਉਤਰਾਖੰਡ, ਬਿਹਾਰ ਅਤੇ ਦੱਖਣੀ ਅਸਾਮ ਵਿੱਚ ਵੀ ਧੁੰਦ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ 13 ਤੋਂ 16 ਜਨਵਰੀ ਦੇ ਦਰਮਿਆਨ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਲਈ ਓਰੇਂਜ ਚੇਤਾਵਨੀ ਜਾਰੀ ਕੀਤੀ ਹੈ।