ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਨਜਿੱਠਣ ਦੇ ਤਰੀਕਿਆਂ ਨੂੰ ਲੈ ਕੇ ਬਦਨਾਮੀ ਖੱਟ ਰਹੀ ਕੇਂਦਰ ਸਰਕਾਰ ਹੁਣ ਡੈਮੇਜ਼ ਕੰਟਰੋਲ 'ਚ ਜੁੱਟ ਗਈ ਹੈ। ਇਸ ਲਈ ਹੁਣ ਤਿੰਨ ਪੱਧਰੀ ਰਣਨੀਤੀ 'ਤੇ ਕੰਮ ਸ਼ੁਰੂ ਹੋ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੇਕਾਬੂ ਹੁੰਦੇ ਜਾ ਰਹੇ ਕੋਰੋਨਾ ਕਾਰਨ ਪੈਦਾ ਹੋਏ ਮਾਹੌਲ ਨੂੰ ਦਬਾਉਣ ਲਈ ਭਾਜਪਾ, ਕੇਂਦਰ ਸਰਕਾਰ ਤੇ ਰਾਸ਼ਟਰੀ ਸਵੈ-ਸੇਵਕ ਸੰਘ (ਆਰਐਸਐਸ) ਨੇ ਪੌਜ਼ੇਟੀਵਿਟੀ ਮੁਹਿੰਮ ਛੇੜੀ ਹੈ।


 


ਦੱਸਿਆ ਜਾ ਰਿਹਾ ਹੈ ਕਿ ਪੌਜ਼ੀਟੀਵਿਟੀ ਮੁਹਿੰਮ ਦੇ ਸਿਲਸਿਲੇ 'ਚ ਕੇਂਦਰ ਦੇ ਅਧਿਕਾਰੀਆਂ, ਜਿਨ੍ਹਾਂ 'ਚ ਕੁੱਝ ਸੰਯੁਕਤ ਸਕੱਤਰ ਰੈਂਕ ਦੇ ਵੀ ਸ਼ਾਮਲ ਸਨ, ਉਨ੍ਹਾਂ ਲਈ ਪਿਛਲੇ ਹਫ਼ਤੇ ਇੱਕ ਵਰਕਸ਼ਾਪ ਰੱਖੀ ਗਈ ਸੀ। ਇਸ ਦਾ ਉਦੇਸ਼ ਇਹੀ ਸੀ ਕਿ ਕੋਰੋਨਾ ਸੰਕਟ 'ਚ ਹੋ ਰਹੀ ਬਦਨਾਮੀ ਵਿਚਕਾਰ ਸਰਕਾਰ ਦੇ ਸਕਾਰਾਤਮਕ ਕੰਮਾਂ ਨੂੰ ਬਿਹਤਰ ਤਰੀਕੇ ਨਾਲ ਲੋਕਾਂ ਤਕ ਪਹੁੰਚਾਇਆ ਜਾ ਸਕੇ।


 


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਸੰਬੋਧਨ 'ਮਨ ਕੀ ਬਾਤ' ਦੇ ਟਵਿੱਟਰ ਹੈਂਡਲ 'ਤੇ ਵੀ ਪੌਜ਼ੇਟੀਵਿਟੀ ਨਾਲ ਜੁੜੇ ਸੰਦੇਸ਼ਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ, ਕੇਂਦਰੀ ਮੰਤਰੀ ਵੀ ਸੋਸ਼ਲ ਮੀਡੀਆ ਉੱਤੇ ਆਕਸੀਜਨ ਐਕਸਪ੍ਰੈੱਸ ਨੂੰ ਚਲਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਤੇ ਇਸ ਤਰ੍ਹਾਂ ਦੇ ਹੋਰ ਕੰਮਾਂ ਨਾਲ ਸਬੰਧਤ ਕਹਾਣੀਆਂ ਤੇ ਲੇਖ ਵੀ ਸਾਂਝੇ ਕਰ ਰਹੇ ਹਨ।


 


ਦੂਜੇ ਪਾਸੇ ਪਾਰਟੀ ਪੱਧਰ 'ਤੇ ਸਰਕਾਰ ਦੀ ਨਿਖੇਧੀ ਦਾ ਜਵਾਬ ਦਿੱਤਾ ਜਾ ਰਿਹਾ ਹੈ। ਇਸ ਦੀ ਸਭ ਤੋਂ ਤਾਜ਼ਾ ਉਦਾਹਰਣ ਹੈ - ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਵੱਲੋਂ ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖਣਾ। ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਸੋਨੀਆ ਨੇ ਸਰਕਾਰ ਦੀ ਨਿਖੇਧੀ ਕੀਤੀ ਸੀ। ਇਸ ਦੇ ਜਵਾਬ 'ਚ ਨੱਢਾ ਨੇ ਮੰਗਲਵਾਰ ਨੂੰ 4 ਪੰਨਿਆਂ ਦੀ ਚਿੱਠੀ ਲਿਖੀ, ਜਿਸ 'ਚ ਮਹਾਂਮਾਰੀ ਵਿੱਚ ਸਰਕਾਰ ਦੇ ਕੰਮਾਂ ਨੂੰ ਗਿਣਾਇਆ ਗਿਆ ਹੈ।


 


ਨੱਢਾ ਨੇ ਆਪਣੀ ਚਿੱਠੀ 'ਚ ਕਾਂਗਰਸ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਲਿਖਿਆ, "ਅੱਜ ਦੀ ਸਥਿਤੀ 'ਚ ਮੈਂ ਕਾਂਗਰਸ ਦੀਆਂ ਕਾਰਵਾਈਆਂ ਤੋਂ ਹੈਰਾਨ ਨਹੀਂ ਹਾਂ, ਸਗੋਂ ਦੁਖੀ ਹਾਂ। ਇਕ ਪਾਸੇ ਉਨ੍ਹਾਂ ਦੀ ਪਾਰਟੀ ਦੇ ਕੁਝ ਮੈਂਬਰ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਹਨ। ਦੂਜੇ ਪਾਸੇ ਉਨ੍ਹਾਂ ਦੇ ਸੀਨੀਅਰ ਆਗੂਆਂ ਵੱਲੋਂ ਫੈਲਾਈ ਜਾ ਰਹੀ ਨਕਾਰਾਤਮਕਤਾ ਤੋਂ ਇਨ੍ਹਾਂ ਸ਼ਲਾਘਾਯੋਗ ਕੰਮਾਂ ਨੂੰ ਦਾਗ ਲੱਗ ਰਿਹਾ ਹੈ। ਦੇਸ਼ ਮਹਾਂਮਾਰੀ ਨਾਲ ਲੜ ਰਿਹਾ ਹੈ ਤੇ ਕਾਂਗਰਸ ਝੂਠ ਫੈਲਾ ਰਹੀ ਹੈ।"


 


RSS ਕਰਵਾ ਰਿਹੈ ਧਾਰਮਿਕ ਗੁਰੂਆਂ ਦੇ ਭਾਸ਼ਣ


ਸਰਕਾਰ ਅਤੇ ਪਾਰਟੀ ਦੇ ਨਾਲ ਹੀ RSS ਵੀ ਸਕਾਰਾਤਮਕਤਾ ਮੁਹਿੰਮ 'ਚ ਲੱਗਿਆ ਹੋਇਆ ਹੈ। ਸੰਘ ਨੇ 11 ਮਈ ਤੋਂ ਇਕ ਆਨਲਾਈਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਨਾਮ ਹੈ 'ਪੌਜ਼ੇਟੀਵਿਟੀ ਅਨਲਿਮਟਿਡ'। ਇਸ 'ਚ ਟਾਪ ਮੋਟੀਵੇਟਰ, ਧਰਮ ਗੁਰੂਆਂ ਤੇ ਪ੍ਰਮੁੱਖ ਕਾਰੋਬਾਰੀਆਂ ਦੇ ਭਾਸ਼ਣ ਕਰਵਾਏ ਜਾ ਰਹੇ ਹਨ। ਇਹ ਸਿਲਸਿਲਾ 15 ਮਈ ਤਕ ਜਾਰੀ ਰਹੇਗਾ। ਇਸ ਲੜੀ 'ਚ ਆਰਐਸਐਸ ਮੁਖੀ ਮੋਹਨ ਭਾਗਵਤ ਵੀ ਦੇਸ਼ ਦੇ ਨਾਮ ਸੰਬੋਧਤ ਕਰ ਸਕਦੇ ਹਨ।