ਮੋਗਾ: ਜੋ ਕੁਝ ਹੁਣ ਤੱਕ ਫ਼ਿਲਮਾਂ ਤੇ ਗੀਤਾਂ 'ਚ ਹੁੰਦਾ ਦੇਖਿਆ ਗਿਆ ਹੈ, ਉਹ ਹੁਣ ਅਸਲ ਜ਼ਿੰਦਗੀ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਮੋਗਾ ਦੇ ਬਾਘਾਪੁਰਾਣਾ ਤੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਦੋ ਪਰਵਾਸੀ ਸਕੇ ਭਰਾਵਾਂ ਨੇ ਇੰਟਰਨੈੱਟ ਤੋਂ ਦੇਖ ਕੇ ਬੰਬ ਬਣਾਇਆ। ਉੱਤਰ ਪ੍ਰਦੇਸ਼ ਦੇ ਦੋ ਸਕੇ ਭਰਾਵਾਂ ਸਣੇ ਤਿੰਨੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੀਸੀਟੀਵੀ ਕੈਮਰੇ ਤੋਂ ਹੋਈ ਹੈ।


ਮੂਲ ਰੂਪ ’ਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੰਦੀਪ ਕੁਮਾਰ ਬਾਘਾਪੁਰਾਣਾ ਵਿਖੇ ਛੋਲੇ ਕੁਲਚੇ ਦਾ ਕੰਮ ਕਰਦੇ ਰਾਜੂ ਦੁਕਾਨਦਾਰ ਕੋਲ 15 ਹਜ਼ਾਰ ਮਹੀਨਾਂ 'ਤੇ ਕੰਮ ਕਰਦਾ ਸੀ। ਕਰੀਬ ਸਾਲ ਪਹਿਲਾਂ ਕੰਮ ’ਚ ਮੰਦੀ ਕਾਰਨ ਦੁਕਾਨਦਾਰ ਨੇ ਸੰਦੀਪ ਕੁਮਾਰ ਨੂੰ ਹਟਾਕੇ ਆਪਣੇ ਭਰਾ ਅਜੈ ਨੂੰ ਰੱਖ ਲਿਆ। ਸੰਦੀਪ ਕੁਮਾਰ ਆਪਣੀ ਵੱਖਰੀ ਰੇਹੜੀ ਲਾਉਣ ਲੱਗਿਆ। ਦੁਕਾਨਦਾਰ ਰਾਜੂ ਨੇ ਮੁਲਜ਼ਮ ਦੇ ਕੰਮ ਨੂੰ ਕਥਿਤ ਢਾਹ ਲਗਾਉਣ ਲਈ ਉਸ ਦੇ ਬਰਾਬਰ ਹੋਰ ਕੁਲਚਿਆਂ ਦੀ ਰੇਹੜੀ ਲਾਉਣੀ ਸ਼ੁਰੂ ਕਰ ਦਿੱਤੀ।



ਸੰਦੀਪ ਨੇ ਇਸ ਰੰਜਿਸ਼ ਤਹਿਤ ਦੁਕਾਨਦਾਰ ਰਾਜੂ ਨੂੰ ਬੰਬ ਨਾਲ ਉਡਾਉਣ ਲਈ ਆਪਣੇ ਭਰਾ ਮਨੋਜ ਨਾਲ ਮਿਲ ਕੇ ਇੰਟਰਨੈਟ ਤੋਂ ਬੰਬ ਬਣਾਉਣ ਦਾ ਤਰੀਕਾ ਸਿੱਖ ਲਿਆ। ਬਾਘਾਪੁਰਾਣਾ ਦੀ ਪਨਸਾਰੀ ਦੁਕਾਨ ਤੋਂ ਸਾਮਾਨ ਖਰੀਦ ਕੇ ਬੰਬ ਤਿਆਰ ਕੀਤਾ ਗਿਆ।




ਇਸ ਮਗਰੋਂ ਦੋਸਤ ਅਨੂਪ ਕੁਮਾਰ ਨਾਲ 30 ਜੂਨ ਨੂੰ ਸਵੇਰੇ ਕਰੀਬ 4 ਵਜੇ ਬੰਬ ਰਾਜੂ ਦੀ ਦੁਕਾਨ ਅੱਗੇ ਰੱਖਵਾ ਦਿੱਤਾ ਤਾਂ ਜੋ ਉਹ ਦੁਕਾਨ ਖੋਲ੍ਹਣ ਲਈ ਇੱਟ ਬੰਬ ਨੂੰ ਚੁੱਕੇਗਾ ਤਾਂ ਬਲਾਸਟ ਹੋ ਜਾਵੇਗਾ। ਦੁਕਾਨਦਾਰ ਰਾਜੂ ਨੇ ਇੱਟ ਸਮਝ ਕੇ ਬੰਬ ਪਾਸੇ ਰੱਖ ਦਿੱਤਾ। ਜਿਸ ਉੱਪਰ ਕੁਰੀਅਰ ਵੰਡਣ ਵਾਲਾ ਵਿਅਕਤੀ ਛੋਟੂ ਰਾਮ ਕੁੱਝ ਸਮੇਂ ਲਈ ਅਰਾਮ ਕਰਨ ਲਈ ਬੈਠਾ ਗਿਆ ਤੇ ਹਿਲਜੁਲ ਨਾਲ ਬਲਾਸਟ ਹੋ ਗਿਆ।