ਚੰਡੀਗੜ੍ਹ: ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਕੋਰੋਨਾ ਦੀ ਚੁਣੌਤੀ ਵੱਡੀ ਹੁੰਦੀ ਜਾ ਰਹੀ ਹੈ। ਨਾਂਦੇੜ ਸਾਹਿਬ ਤੋਂ ਵਾਪਿਸ ਪੰਜਾਬ ਪਰਤ ਰਹੇ ਸ਼ਰਧਾਲੂਆਂ ‘ਚੋਂ ਇੱਕ-ਇੱਕ ਕਰ ਕੇ ਕੋਰੋਨਾ ਪੌਜ਼ੇਟਿਵ ਸਾਹਮਣੇ ਆ ਰਹੇ ਹਨ। ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਆਏ ਹੁਣ ਦੋ ਹੋਰ ਸ਼ਰਧਾਲੂ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਹ ਦੋਨੋਂ ਫਰੀਦਕੋਟ ਜ਼ਿਲ੍ਹਾ ਦੇ ਕੋਟਕਪੁਰਾ ਦੇ ਦੱਸੇ ਜਾ ਰਹੇ ਹਨ।


ਇਹ ਦੋ ਨਵੇਂ ਕੇਸਾਂ ਨਾਲ ਕੋਰੋਨਾ ਪੌਜ਼ੇਟਿਵ ਸ਼ਰਧਾਲੂਆਂ ਦੀ ਗਿਣਤੀ 14 ਹੋ ਚੁਕੀ ਹੈ। ਇਨ੍ਹਾਂ ‘ਚੋਂ 8 ਤਰਨਤਾਰਨ, 3 ਕਪੂਰਥਲਾ, ਫਰੀਦਕੋਟ ‘ਚ 2 ਤੇ ਹੁਸ਼ਿਆਰਪੁਰ ਦਾ ਇੱਕ ਸੰਕਰਮਿਤ ਹੈ। ਇਨ੍ਹਾਂ ਹੀ ਨਹੀਂ ਅਜੇ ਸੈਂਕੜੇ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਆਉਣੀ ਬਾਕੀ ਹੈ। ਹੁਣ ਤੱਕ ਆਏ ਮਾਮਲਿਆਂ ਨੂੰ ਦੇਖਦਿਆਂ ਸਾਫ ਨਜ਼ਰ ਆ ਰਿਹਾ ਹੈ ਕਿ ਇਹ ਸਿਲਸਿਲਾ ਇੱਥੇ ਹੀ ਰੁਕਣ ਵਾਲਾ ਨਹੀਂ ਹੈ।

ਸਾਰੇ ਸ਼ਰਧਾਲੂਆਂ ਨੂੰ 21 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ ਹੈ। ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 344 ਹੋ ਚੁਕੀ ਹੈ। ਕਰੀਬ 3500 ਸ਼ਰਧਾਲੂ ਲੌਕਡਾਊਨ ਹੋਣ ਕਾਰਨ ਨਾਂਦੇੜ ਸਾਹਿਬ ਵਿਖੇ ਫੱਸ ਗਏ ਸੀ। ਜਿਨ੍ਹਾਂ ਨੂੰ ਵਾਪਿਸ ਲਿਆਉਣ ਲਈ ਕਰੀਬ ਢੇਡ ਮਹੀਨੇ ਬਾਅਦ ਪੰਜਾਬ ਸਰਕਾਰ ਵਲੋਂ 90 ਬੱਸਾਂ ਭੇਜੀਆਂ ਗਈਆਂ ਹਨ। ਇਨ੍ਹਾਂ ਸ਼ਰਧਾਲੂਆਂ ਦੇ ਵਾਪਿਸ ਆਉਣ ਦਾ ਸਿਲਸਿਲਾ ਅਜੇ ਜਾਰੀ ਹੈ।