ਬਠਿੰਡਾ: ਪੰਜਾਬ ਦੇ ਮੋੜ ਮੰਡੀ 'ਚ ਹੋਏ ਬੰਬ ਬਲਾਸਟ ਮਾਮਲੇ 'ਚ ਇੱਕ ਵਾਰ ਫੇਰ ਮੰਗਲਵਾਰ ਨੂੰ ਪੰਜਾਬ ਪੁਲਿਸ ਨੇ ਸਿਰਸਾ ਦੀ ਨਗਰ ਕੌਂਸਲ ਤੇ ਤਹਿਸੀਲ ਦਫਤਰ 'ਚ ਦਸਤਕ ਦਿੱਤੀ। ਇਸ ਤੋਂ ਪਹਿਲਾਂ ਵੀ 6 ਜਨਵਰੀ ਨੂੰ ਪੰਜਾਬ ਪੁਲਿਸ ਦੀ ਇੱਕ ਟੀਮ ਇਸ ਮਾਮਲੇ ਦੀ ਜਾਂਚ ਲਈ ਡੇਰਾ ਸਿਰਸਾ ਪਹੁੰਚੀ ਸੀ। ਪੁਲਿਸ ਨੇ ਨੋਟਿਸ ਰਾਹੀਂ ਚੇਅਰਪਰਸਨ ਵਿਪਾਸਨਾ ਨੂੰ 15 ਜਨਵਰੀ ਨੂੰ ਬਠਿੰਡਾ ਆਈਜੀ ਸਾਹਮਣੇ ਪੇਸ਼ ਹੋਣ ਨੂੰ ਕਿਹਾ ਸੀ ਪਰ ਵਿਪਾਸਨਾ ਪੇਸ਼ ਨਹੀਂ ਹੋਈ।


ਹੁਣ ਸਿਰਸਾ ਆਈ ਟੀਮ ਦੇ ਐਸਆਈ ਗੁਰਦਰਸ਼ਨ ਨੇ ਦੋਵਾਂ ਦਫਤਰਾਂ 'ਚ ਜਾ ਕੇ ਜ਼ਰੂਰੀ ਜਾਣਕਾਰੀ ਇਕੱਠਾ ਕੀਤੀ। ਇਸ ਬਾਰੇ ਜਾਂਚ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੇ ਮੁਲਜ਼ਮਾਂ ਦੀ ਜਾਇਦਾਦ ਦਾ ਬਿਓਰਾ ਲੈਣ ਆਈ ਸੀ, ਕਿਉਂਕਿ ਮੋੜ ਮੰਡੀ 'ਚ ਕਾਂਗਰਸ ਦੀ ਰੈਲੀ 'ਚ ਹੋਏ ਬਲਾਸਟ ਦੇ ਤਾਰ ਸਿਰਸਾ ਨਾਲ ਜੁੜੇ ਮਿਲੇ ਹਨ।

ਇਸ ਬਲਾਸਟ 'ਚ ਪੰਜ ਬੱਚਿਆਂ ਸਣੇ ਸੱਤ ਲੋਕਾਂ ਦੀ ਮੌਤ ਹੋਈ ਸੀ। ਪੰਜਾਬ ਸਰਕਾਰ ਨੇ ਇਸ ਲਈ ਐਸਆਈਟੀ ਦਾ ਗਠਨ ਕੀਤਾ ਹੈ। ਇਸ ਦੇ ਨਾਲ ਹੀ ਇਸ ਬਲਾਸਟ 'ਚ ਪੁਲਿਸ ਜਾਂਚ 'ਚ ਡੇਰਾ ਪ੍ਰੇਮੀਆਂ ਦੇ ਮਿਲੇ ਹੋਣ ਦੀ ਗੱਲ ਸਾਹਮਣੇ ਆਈ ਸੀ।