ਮੁੰਬਈ: ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲਣ ਕਾਰਨ ਪੀਐਮਸੀ ਬੈਂਕ ਖਾਤਾ ਧਾਰਕ ਕਾਫੀ ਨਾਰਾਜ਼ ਹਨ। ਬੈਂਕ ਦੇ ਖਾਤਾ ਧਾਰਕਾਂ ਨੇ ਅੱਜ ਮੁੰਬਈ ਦੀ ਏਸ਼ੀਆਟਿਕ ਲਾਇਬ੍ਰੇਰੀ ਨੇੜੇ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੇ ਦਫਤਰ ਦਾ ਘਿਰਾਓ ਤੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ, ਬਹੁਤ ਸਾਰੇ ਲੋਕਾਂ ਦੀ ਸਿਹਤ ਵੀ ਵਿਗੜ ਗਈ। ਇਸਦੇ ਨਾਲ ਹੀ ਪੁਲਿਸ ਨੇ ਭੀੜ ਹਟਾਉਣ ਲਈ ਕਈ ਲੋਕਾਂ ਨੂੰ ਖਦੇੜਿਆ।


ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੜਕ ਤੋਂ ਲੰਘ ਰਹੇ ਵਾਹਨਾਂ ਦਾ ਰਸਤਾ ਜਾਮ ਕਰ ਦਿੱਤਾ। ਖਾਤਾ ਧਾਰਕਾਂ ਦੇ ਵਿਰੋਧ ਦੇ ਮੱਦੇਨਜ਼ਰ ਪੁਲਿਸ ਨੇ ਆਰਬੀਆਈ ਦੇ ਬਾਹਰ ਸਖਤ ਪ੍ਰਬੰਧ ਕੀਤੇ ਹੋਏ ਸੀ। ਪੁਲਿਸ ਨੇ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਗੇਟ 'ਤੇ ਹੀ ਰੋਕ ਲਿਆ।




ਦੱਸ ਦੇਈਏ ਸੁਪਰੀਮ ਕੋਰਟ ਨੇ ਪੀਐਮਸੀ ਬੈਂਕ ਤੋਂ ਨਕਦੀ ਕਢਵਾਉਣ 'ਤੇ ਆਰਬੀਆਈ ਦੁਆਰਾ ਲਗਾਈ ਗਈ ਪਾਬੰਦੀ ਨੂੰ ਹਟਾਉਣ ਦੀ ਮੰਗ ਕਰ ਰਹੇ ਪੀਐਮਸੀ ਖਾਤਾ ਧਾਰਕਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਅਸੀਂ ਇਸ ਪਟੀਸ਼ਨ ਨੂੰ ਧਾਰਾ 32 (ਰਿੱਟ ਅਧਿਕਾਰ ਖੇਤਰ) ਦੇ ਅਧੀਨ ਸੁਣਨਾ ਨਹੀਂ ਚਾਹੁੰਦੇ। ਪਟੀਸ਼ਨਕਰਤਾ ਢੁਕਵੀਂ ਰਾਹਤ ਲਈ ਸਬੰਧਤ ਹਾਈ ਕੋਰਟ ਤੱਕ ਪਹੁੰਚ ਕਰ ਸਕਦੇ ਹਨ।


ਉੱਧਰ ਪੀਐਮਸੀ ਬੈਂਕ ਕੇਸ ਵਿੱਚ ਇੱਕ ਹੋਰ ਖਾਤਾ ਧਾਰਕ ਦੀ ਮੌਤ ਹੋ ਗਈ ਹੈ। 80 ਸਾਲਾ ਮੁਰਲੀਧਰ ਧਾਰਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਰਲੀਧਰ ਮੁਲੁੰਦ ਦਾ ਰਹਿਣ ਵਾਲਾ ਸੀ। ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਮ੍ਰਿਤਕ ਦੇ ਬੇਟੇ ਪ੍ਰੇਮ ਧਾਰਾ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਸ ਦੇ ਪਿਤਾ ਬੀਮਾਰ ਸੀ ਤੇ ਉਨ੍ਹਾਂ ਦੀ ਬਾਈਪਾਸ ਸਰਜਰੀ ਕੀਤੀ ਜਾਣੀ ਸੀ। ਜਿਸ ਲਈ ਪੈਸੇ ਦੀ ਲੋੜ ਸੀ। ਪਰ ਸਹੀ ਸਮੇਂ 'ਤੇ ਪੈਸੇ ਇਕੱਠੇ ਨਾ ਕਰਨ ਦੇ ਕਾਰਨ ਪ੍ਰੇਮ ਆਪਣੇ ਪਿਤਾ ਦਾ ਇਲਾਜ ਨਹੀਂ ਕਰਵਾ ਸਕਿਆ।