ਇਸ ਸੰਸਥਾ ਦੀ ਪ੍ਰੇਰਨਾ ਸਦਕਾ ਇਲਾਕੇ ਦੇ ਕਰੀਬ 100 ਪਿੰਡ ਜੁੜੇ ਹੋਏ ਹਨ ਜਿਹੜੇ ਸੁੱਖ-ਦੁੱਖ ਦੇ ਪ੍ਰੋਗਰਾਮਾਂ ਵਿੱਚ ਨਾ-ਮਾਤਰ ਖਰਚੇ ਕਰਕੇ ਪੰਜਾਬ ਵਿੱਚ ਨਵੀਂ ਮਿਸਾਲ ਬਣ ਰਹੇ ਹਨ। ਜੀ ਹਾਂ, ਇਸ ਸੰਸਥਾ ਦੀ ਪ੍ਰੇਰਨਾ ਸਦਕਾ ਬਹੁਰਾਸ਼ਟਰੀ ਕੰਪਨੀ ਵਿੱਚ ਲੱਖਾਂ ਦੀ ਨੌਕਰੀ ਕਰਦੇ ਲਾੜਾ-ਲਾੜੀ ਨੇ ਸਾਦਾ ਵਿਆਹ ਕਰਾਇਆ ਹੈ। ਦੋਵੇਂ ਪਰਿਵਾਰਾਂ ਵੱਲੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਲਾੜਾ ਸਿਰਫ ਸੱਤ ਵਿਅਕਤੀਆਂ ਦੀ ਬਾਰਾਤ ਲੈ ਕੇ ਲੜਕੀ ਦੇ ਘਰ ਪੁੱਜਿਆ। ਘਰ ਵਿੱਚ ਹੀ ਵਿਆਹ ਦੀਆਂ ਸਾਰੀਆਂ ਰਸਮਾਂ ਗੁਰਮਤਿ ਅਨੁਸਾਰ ਨਿਭਾਈਆਂ ਗਈਆਂ। ਬਿਲਕੁੱਲ ਸਾਦੇ ਢੰਗ ਨਾਲ ਕੀਤੇ ਇਸ ਵਿਆਹ ਦੀ ਇਲਾਕੇ ਵਿੱਚ ਚਰਚਾ ਹੈ।
ਇਸ ਸਬੰਧੀ ਸਮਾਜ ਸੇਵੀ ਸੰਸਥਾ 'ਨਵੀਂ ਸੋਚ-ਨਵੀਂ ਪੁਲਾਂਘ' ਦੇ ਮੈਂਬਰ ਰਵੀਇੰਦਰ ਸਿੰਘ ਪੱਪੀ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਪਿੰਡ ਘਟੌਰ ਦੇ ਗੁਰਸ਼ਰਨ ਸਿੰਘ ਬਾਠ ਦਾ ਪਰਿਵਾਰ ਪਿਛਲੇ ਕੁਝ ਅਰਸੇ ਤੋਂ ਸੰਸਥਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਨੇ ਪਹਿਲਾਂ ਵੀ ਆਪਣੀ ਲੜਕੀ ਦਾ ਵਿਆਹ ਸਾਦੀਆਂ ਰਸਮਾਂ ਨਾਲ ਕਰਕੇ ਨਵੀਂ ਪਿਰਤ ਪਾਈ ਸੀ। ਹੁਣ ਇੱਕ ਵਾਰ ਫਿਰ ਇਸ ਪਰਿਵਾਰ ਦੀ ਲੜਕੀ ਜਸਵੀਰ ਕੌਰ ਦਾ ਵਿਆਹ ਵਿਵੇਕ ਸਿੰਘ ਨਾਲ ਬੇਹੱਦ ਘੱਟ ਖਰਚ ਵਿੱਚ ਤੇ ਘਰ ਵਿੱਚ ਹੀ ਸਾਦੇ ਢੰਗ ਨਾਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਦੋਵਾਂ ਪਰਿਵਾਰਾਂ ਤੇ ਲੜਕਾ-ਲੜਕੀ ਨੇ ਸੰਸਥਾ 'ਨਵੀਂ ਸੋਚ-ਨਵੀਂ ਪੁਲਾਂਘ' ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੀ ਦੋਵਾਂ ਪਰਿਵਾਰਾਂ ਨੇ ਬਿਲਕੁਲ ਸਾਦੇ ਢੰਗ ਨਾਲ ਵਿਆਹ ਰਚਾਇਆ। ਸੰਸਥਾ ਮੈਂਬਰ ਨੇ ਕਿਹਾ ਕਿ ਅੱਜ ਦੇ ਜ਼ਮਾਨੇ 'ਚ ਜਦੋਂ ਲੋਕ ਦਿਖਾਵੇ ਦੀ ਹੋੜ੍ਹ ਵਿੱਚ ਮੈਰਿਜ ਪੈਲੇਸਾਂ, ਅਤਿਸ਼ਬਾਜ਼ੀ, ਮਹਿਮਾਨਨਿਵਾਜ਼ੀ, ਡਾਂਸ ਗਰੁੱਪਾਂ ਤੇ ਹੋਰ ਵਿਖਾਵਿਆਂ ਦੀ ਚਮਕ-ਦਮਕ ਲਈ ਲੱਖਾਂ ਰੁਪਏ ਰੋੜ੍ਹ ਦਿੰਦੇ ਹਨ, ਅਜਿਹੇ ਹਾਲਾਤ ਵਿੱਚ ਇਸ ਢੰਗ ਨਾਲ ਸਾਦਾ ਵਿਆਹ ਰਚਾਉਣਾ ਸਮਾਜ ਲਈ ਰਾਹ ਦਸੇਰਾ ਬਣਨ ਵਾਲੀ ਗੱਲ ਹੈ।
ਰਵੀਇੰਦਰ ਨੇ ਲੋਕਾਂ ਨੂੰ ਵੀ ਇਸ ਲਹਿਰ ਦਾ ਹਿੱਸਾ ਬਣਨ ਤੇ ਵਿਆਹ ਤੇ ਭੋਗ ਸਮਾਗਮਾਂ ਵਿੱਚ ਕੀਤੇ ਜਾਂਦੇ ਫਜ਼ੂਲ ਖਰਚਿਆਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ। ਸਮਾਜ ਨੂੰ ਕਰਜ਼ਿਆਂ ਵਿੱਚੋਂ ਕੱਢਣ ਲਈ ਸਮਾਜਿਕ ਪ੍ਰੋਗਰਾਮਾਂ ਵਿੱਚ ਕੀਤੇ ਜਾਂਦੇ ਵਿਖਾਵਿਆਂ ਤੇ ਇਨ੍ਹਾਂ ਉਤੇ ਹੋਣ ਵਾਲੇ ਖਰਚਿਆਂ ਨੂੰ ਨੱਥ ਪਾਉਣੀ ਜ਼ਰੂਰੀ ਹੈ। ਜੇਕਰ ਹਰ ਮਾਪੇ ਅਜਿਹੇ ਸੋਚ ਦੇ ਧਾਰਨੀ ਬਣ ਜਾਣ ਤਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਖ਼ੁਦਕਸ਼ੀਆਂ ਕਰਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਗੁਰਸ਼ਰਨ ਸਿੰਘ ਦੇ ਪਰਿਵਾਰ ਨੇ ਇਸ ਕੰਮ ਵਿੱਚ ਪਹਿਲਕਦਮੀ ਕਰ ਕੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਹੈ ਜਦਕਿ ਲੜਕੇ ਵਾਲਿਆਂ ਨੇ ਉਨ੍ਹਾਂ ਦਾ ਸਾਥ ਦੇ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ।