ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਵਿਵਾਦ ਸੁਲਝਾਉਣ ਦੀ ਕਵਾਇਦ ਚੱਲ ਰਹੀ ਹੈ। ਅੱਜ ਪਾਰਟੀ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਨੇ ਇਸ ਝਗੜੇ ਸਬੰਧੀ 'ਏਬੀਪੀ ਨਿਊਜ਼' ਨਾਲ ਗੱਲਬਾਤ ਕੀਤੀ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਵਿਚਾਰਧਾਰਾਵਾਂ ਵਿੱਚ ਮਤਭੇਦ ਹਨ ਤੇ ਜੇ ਇੱਥੇ ਕੋਈ ਮਤਭੇਦ ਹੀ ਨਹੀਂ ਹਨ ਤਾਂ ਇਹ ਕਿਸ ਤਰ੍ਹਾਂ ਦਾ ਲੋਕਤੰਤਰ ਹੈ? ਨਵਜੋਤ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਨਾਂ ਲਏ ਬਗੈਰ ਚੁਟਕੀ ਲੈਂਦਿਆਂ ਕਿਹਾ ਕਿ ਸਿਰਫ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਮੇਰੇ ਬੌਸ ਹਨ।


 


ਨਵਜੋਤ ਸਿੱਧੂ ਨੇ ਕਿਹਾ, “ਮੇਰੇ ਖਿਆਲ ਨਾਲ ਇਹ ਵਿਚਾਰਧਾਰਾ ਦੀ ਲੜਾਈ ਹੈ। ਮੈਂ ਇਹ ਨਹੀਂ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਸਭ ਕੁਝ ਠੀਕ ਹੈ। ਇੱਥੇ ਪ੍ਰਸ਼ਨ ਕਿਸੇ ਅਹੁਦੇ ਦਾ ਨਹੀਂ ਤੇ ਫਲਾਣਾ ਬਨਾਮ ਫਲਾਣਾ ਦਾ ਹੈ। ਮੈਂ ਕਦੇ ਪਾਰਟੀ ਦੇ ਅਨੁਸ਼ਾਸਨ ਦੀ ਉਲੰਘਣਾ ਨਹੀਂ ਕੀਤੀ। ਬਲਕਿ, ਆਪਣੀ ਗੱਲ ਪਾਰਟੀ ਫੋਰਮ ਵਿੱਚ ਰੱਖੀ ਹੈ।"


 


ਨਵਜੋਤ ਸਿੱਧੂ ਨੇ ਕਿਹਾ, “ਇਸ ਸਮੇਂ ਪੰਜਾਬ ਸਿਰਫ ਦੋ ਪਰਿਵਾਰ ਚਲਾ ਰਹੇ ਹਨ। ਉਹ ਕਹਿੰਦੇ ਹਨ - ਹੁਣ ਮੇਰੀ ਵਾਰੀ ਹੈ, ਹੁਣ ਤੇਰੀ ਵਾਰੀ ਹੈ।” ਇੰਨਾ ਹੀ ਨਹੀਂ, ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਦੇ ਪ੍ਰਸਤਾਵ 'ਤੇ ਵੀ ਨਿਖੇਧੀ ਕੀਤੀ, ਜਿਸ ਵਿੱਚ ਕਿਹਾ ਗਿਆ ਹੈ ਕਿ ਵਿਧਾਇਕ ਦੇ ਬੇਟੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸਿੱਧੂ ਨੇ ਕਿਹਾ, “ਕੀ ਇੱਕ ਵਿਧਾਇਕ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਦੇਣਾ ਲੋਕ ਹਿੱਤ ਵਿੱਚ ਹੈ? ਜੇ ਹਾਂ, ਤਾਂ ਯੋਗਤਾਵਾਂ ਵਾਲੇ ਦਾ ਕੀ ਹੋਵੇਗਾ?


 


ਸਿੱਧੂ ਨੇ ਅੱਗੇ ਕਿਹਾ, “ਜਿਸ ਪਰਿਵਾਰ 'ਚ ਕੋਈ ਕਮਾਉਣ ਵਾਲਾ ਨਹੀਂ ਉਥੇ ਸਰਕਾਰ ਤਰਸ ਨਹੀਂ ਖਾ ਰਹੀ ਤੇ ਜਿਸ ਕੋਲ ਕਰੋੜਾਂ ਰੁਪਏ ਦੀ ਜ਼ਮੀਨ ਹੈ, ਉਸ ਨੂੰ ਨੌਕਰੀ ਦੇ ਰਹੀ ਹੈ। ਅਜਿਹਾ ਕਰਨਾ ਸੰਵਿਧਾਨ ਦੇ ਵਿਰੁੱਧ ਹੈ।” ਉਨ੍ਹਾਂ ਕਿਹਾ,“ਸਰਕਾਰ ਜਨਤਾ ਦੇ ਪੈਸੇ ‘ਤੇ ਚਲਦੀ ਹੈ ਪਰ ਸਰਕਾਰ ਵਿਧਾਇਕਾਂ ਦੇ ਪੁੱਤਰਾਂ ਨੂੰ ਉਨ੍ਹਾਂ ਦੀ ਕੁਰਸੀ ਬਚਾਉਣ ਲਈ ਨੌਕਰੀਆਂ ਦੇ ਰਹੀ ਹੈ।"