ਚੰਡੀਗੜ੍ਹ: ਪੰਜਾਬ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਬਾਰੇ ਚਰਚਾਵਾਂ ਦਾ ਬਾਜ਼ਾਰ ਫਿਰ ਗਰਮ ਹੋ ਗਿਆ ਹੈ। ਸਿੱਧੂ ਦੀ ਅਗਲੀ ਰਾਜਨੀਤਕ ਸਰਗਰਮੀ ਬਾਰੇ ਅਟਕਲਾਂ ਤੇਜ਼ ਹੋ ਗਈਆਂ ਹਨ। ਉਨ੍ਹਾਂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਸੰਭਾਵਨਾ ਬਾਰੇ ਚਰਚਾਵਾਂ ਜ਼ੋਰਾਂ 'ਤੇ ਹਨ ਤੇ ਪੰਜਾਬ ‘ਆਪ’ ਦੇ ਮੁਖੀ ਭਗਵੰਤ ਮਾਨ ਦੇ ਬਿਆਨ ਨਾਲ ਇਸ ਨੂੰ ਹੋਰ ਮਜ਼ਬੂਤੀ ਮਿਲੀ ਹੈ। ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸਿੱਧੂ ਦਾ ਆਮ ਆਦਮੀ ਪਾਰਟੀ ਸਵਾਗਤ ਕਰੇਗੀ।


 


ਇਸ ਦੇ ਨਾਲ ਹੀ ਸਿੱਧੂ ਲਗਾਤਾਰ ਪੰਜਾਬ ਦੀ ਕਾਂਗਰਸ ਸਰਕਾਰ ’ਤੇ ਸਵਾਲ ਚੁੱਕ ਰਹੇ ਹਨ। ਇਹ ਉਨ੍ਹਾਂ ਦੀ ਨਵੀਂ ਸਿਆਸੀ ਚਾਲ ਦਾ ਸੰਕੇਤ ਦੇ ਰਹੀਆਂ ਹਨ। ਇਬ ਸਭ ਕੈਪਟਨ ਤੇ ਸਿੱਧੂ ਦੀ ਮੀਟਿੰਗ ਤੋਂ ਬਾਅਦ ਹੋ ਰਿਹਾ ਹੈ ਜਿਸ ਦਾ ਨਤੀਜਾ ਅਜੇ ਤੱਕ ਸਾਹਮਣੇ ਨਹੀਂ ਆਇਆ। ਕੈਪਟਨ ਨਾਲ ਮੀਟਿੰਗ ਮਗਰੋਂ ਚਰਚਾ ਸੀ ਕਿ ਸਿੱਧੂ ਨੂੰ ਮਨਭਾਉਂਦਾ ਮੰਤਰਾਲਾ ਜਾਂ ਫਿਰ ਪਾਰਟੀ ਅੰਦਰ ਵੱਡਾ ਅਹੁਦਾ ਦੇ ਕੇ ਮਾਮਲਾ ਹੱਲ ਕਰ ਲਿਆ ਜਾਏਗਾ ਪਰ ਕਾਫੀ ਸਮਾਂ ਬੀਤਣ ਮਗਰੋਂ ਵੀ ਕਾਂਗਰਸ ਅੰਦਰ ਸਿੱਧੂ ਨੂੰ ਕੋਈ ਜ਼ਿੰਮੇਵਾਰੀ ਨਹੀਂ ਮਿਲੀ।


 


ਦੱਸ ਦੇਈਏ ਕਿ ਨਵਜੋਤ ਸਿੱਧੂ ਨੂੰ ਲੰਬੇ ਸਮੇਂ ਤੋਂ ਕਾਂਗਰਸ ’ਚ ਅਣਗੌਲਿਆ ਕੀਤਾ ਹੋਇਆ ਹੈ। ਹਾਲ ਹੀ ’ਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਉਨ੍ਹਾਂ ਨੂੰ ਮੁੜ ਪਾਰਟੀ ’ਚ ਸਰਗਰਮ ਕਰਨ ਤੇ ਮੁੱਖ ਧਾਰਾ ’ਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਇਹ ਜਿਆਦਾ ਅਸਰਦਾਰ ਨਹੀਂ ਹੋਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੋ ਮੁਲਾਕਾਤਾਂ ਦੇ ਬਾਵਜੂਦ ਉਹ ਸੂਬਾ ਮੰਤਰੀ ਮੰਡਲ ’ਚ ਵਾਪਸ ਨਹੀਂ ਪਰਤੇ। ਸਿੱਧੂ ਕਾਂਗਰਸ ਦੀ ਸੂਬਾ ਪ੍ਰਧਾਨਗੀ ਚਾਹੁੰਦੇ ਸਨ, ਪਰ ਉਨ੍ਹਾਂ ਦੀ ਇਹ ਇੱਛਾ ਨਾ ਦੇ ਬਰਾਬਰ ਵਿਖਾਈ ਦੇ ਰਹੀ ਹੈ। ਅਜਿਹੇ ’ਚ ਉਨ੍ਹਾਂ ਦੇ ਸਿਆਸੀ ਕਰੀਅਰ ਬਾਰੇ ਅਟਕਲਾਂ ਦੁਬਾਰਾ ਸ਼ੁਰੂ ਹੋ ਗਈਆਂ ਹਨ।


 


ਇਸ ਵਿਚਕਾਰ ਨਵਜੋਤ ਸਿੱਧੂ ਦਾ ਰਵੱਈਆ ਫਿਰ ਤੋਂ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਸਿੱਧੂ ਨੇ ਕਿਸਾਨਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਉਣ ਤੋਂ ਇਲਾਵਾ ਆਪਣੀ ਪਾਰਟੀ ਦੀ ਸਰਕਾਰ ’ਤੇ ਵੀ ਸਵਾਲ ਕੀਤੇ ਹਨ। ਬੀਤੇ ਦਿਨੀਂ ਮੰਗਲਵਾਰ ਨੂੰ ਉਨ੍ਹਾਂ ਦੀ ਅਚਾਨਕ ਬੁਰਜ ਜਵਾਹਰ ਸਿੰਘ ਦੀ ਫੇਰੀ ਅਤੇ ਬੇਅਦਬੀ ਕਾਂਡ ਨੂੰ ਉਭਾਰਨ ਦੇ ਖਾਸ ਮਾਅਨੇ ਲਗਾਏ ਜਾ ਰਹੇ ਹਨ।


 


ਇਸ ਦੌਰਾਨ ਪੰਜਾਬ ‘ਆਪ’ ਦੇ ਮੁਖੀ ਭਗਵੰਤ ਮਾਨ ਦਾ ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ’ਚ ਸਵਾਗਤ ਕਰਨ ਦੇ ਬਿਆਨ ਨਾਲ ਚਰਚਾਵਾਂ ਨੇ ਜੋਰ ਫੜ ਲਿਆ ਹੈ। ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ਦਾ ਝਾੜੂ ਫੜਨ ਦੀ ਚਰਚਾ ਹੋਈ ਸੀ ਤੇ ਇਸ ਨੂੰ ਲਗਪਗ ਤੈਅ ਮੰਨਿਆ ਜਾ ਰਿਹਾ ਸੀ।


 


ਮੰਨਿਆ ਜਾਂਦਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਉਮੀਦਵਾਰੀ ਨੂੰ ਲੈ ਕੇ ਰੇੜਕਾ ਪੈਦਾ ਹੋ ਗਿਆ ਸੀ ਤੇ ਸਿੱਧੂ ਨੇ ਕਾਂਗਰਸ ’ਚ ਐਂਟਰੀ ਲੈ ਲਈ ਸੀ। ਹੁਣ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀ ਚਰਚਾ ਵੱਧ ਰਹੀ ਹੈ ਪਰ ਫਿਰ ਵੱਡਾ ਸਵਾਲ ਇਹੀ ਹੈ ਕਿ ਕੀ ‘ਆਪ’ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ’ਚ ਆਪਣਾ ਮੁੱਖ ਮੰਤਰੀ ਚਿਹਰਾ ਬਣਾਏਗੀ।