ਕਰਨਾਲ: 3 ਖੇਤੀਬਾੜੀ ਕਾਨੂੰਨਾਂ ਸੰਬੰਧੀ ਨਿਰੰਤਰ ਅੰਦੋਲਨ ਅੱਗੇ ਵਧ ਰਿਹਾ ਹੈ। ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਬੰਦ ਹੈ, ਅਜਿਹੇ ਵਿੱਚ ਕਿਸਾਨਾਂ ਨੇ ਆਪਣੀ ਆਵਾਜ਼ ਬੁਲੰਦ ਕਰਨ ਅਤੇ ਸਰਕਾਰ ‘ਤੇ ਦਬਾਅ ਬਣਾਉਣ ਲਈ ਵੱਖ-ਵੱਖ ਥਾਵਾਂ 'ਤੇ ਮਹਾਪੰਚਾਇਤ ਸ਼ੁਰੂ ਕਰ ਦਿੱਤੀ ਹੈ। ਕਰਨਾਲ ਦੇ ਇੰਦਰੀ ਵਿਖੇ ਕਿਸਾਨਾਂ ਦੀ ਇੱਕ ਮਹਾਂ ਪੰਚਾਇਤ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਡੂਨੀ ਅਤੇ ਬਲਬੀਰ ਸਿੰਘ ਰਾਜੇਵਾਲ ਪਹੁੰਚੇ।

 

ਕਿਸਾਨ ਆਗੂਆਂ ਨੂੰ ਸੁਣਨ ਲਈ ਮਹਾਪੰਚਾਇਤ ਵਿੱਚ ਵੱਡੀ ਗਿਣਤੀ 'ਚ ਲੋਕਾਂ ਦੀ ਭੀੜ ਸੀ। ਰਾਕੇਸ਼ ਟਿਕੈਤ ਨੇ ਮੰਚ ਤੋਂ ਕਿਹਾ ਕਿ ਹਰਿਆਣਾ ਦੇ ਲੋਕ ਬਹੁਤ ਲੜਾਕੂ ਹਨ, ਅੰਦੋਲਨ ਖ਼ਤਮ ਹੋ ਰਿਹਾ ਸੀ ਪਰ ਹਰਿਆਣਾ ਦੇ ਲੋਕਾਂ ਨੇ ਇਸ ਨੂੰ ਬਚਾਇਆ। ਟਿਕੈਤ ਨੇ ਮੰਚ ਤੋਂ ਨਾਅਰਾ ਦਿੱਤਾ ਕਿ ਹੁਣ ਲੜੇਗਾ ਜਵਾਨ, ਜਿੱਤੇਗਾ ਕਿਸਾਨ। ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਨੇ ਇਹ ਵੀ ਕਿਹਾ ਕਿ ਜੇਕਰ ਕਿਸਾਨਾਂ ਨੂੰ ਸਾਡੀ ਕਿਸੇ ਹੋਰ ਰਾਜ ਵਿੱਚ ਜ਼ਰੂਰਤ ਪਵੇਗੀ ਤਾਂ ਅਸੀਂ ਉਥੇ ਵੀ ਜਾਵਾਂਗੇ।

 

ਇਸੇ ਮੰਚ ਤੋਂ ਆਪਣੇ ਸੰਬੋਧਨ 'ਚ ਰਾਕੇਸ਼ ਟਿਕੈਤ ਨੇ ਇਕ ਗੱਲ ਸਪੱਸ਼ਟ ਕੀਤੀ ਕਿ ਹੁਣ ਖੇਤੀਬਾੜੀ ਕਾਨੂੰਨਾਂ ਬਾਰੇ ਕਿਸਾਨ ਫੈਸਲਾ ਲੈਣਗੇ ਨਾ ਕਿ ਚਮਕਦਾਰ ਕੋਠੀਆਂ 'ਚ ਬੈਠੇ ਨੇਤਾ। ਇਸ ਦੇ ਨਾਲ ਹੀ ਗੁਰਨਾਮ ਸਿੰਘ ਚਡੂਨੀ ਵੀ ਮੰਚ ਤੋਂ ਸਰਕਾਰ ਦਾ ਘਿਰਾਓ ਕਰਦੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਦੀਆਂ ਟਿਕਟਾਂ ਲੈਣ ਲਈ ਕੋਈ ਆਗੂ ਨਹੀਂ ਰਹਿਣਗੇ।