ਚੰਡੀਗੜ: ਅੱਜ ਪੰਜਾਬ ਭਰ 'ਚ ਨਗਰ ਨਿਗਮ ਤੇ ਨਗਰ ਪੰਚਾਇਤ ਦੀਆਂ ਚੋਣਾਂ ਹਨ। ਇਸ ਦੌਰਾਨ ਕਈ ਥਾਵਾਂ 'ਤੇ ਹਿੰਸਕ ਝੜਪ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਆਮ ਆਦਮੀ ਪਾਰਟੀ ਨੇ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਵੱਡੇ ਇਲਜ਼ਾਮ ਲਗਾਏ ਹਨ। ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ 'ਤੇ ਕਾਂਗਰਸੀ ਗੁੰਡਿਆਂ ਵੱਲੋਂ ਸੂਬੇ ਭਰ ’ਚ ਕਈ ਥਾਵਾਂ 'ਤੇ ਬੂਥ 'ਤੇ ਕਬਜ਼ੇ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਤੇ ਹਮਲੇ ਕੀਤੇ ਗਏ। ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਤੇ ਕਾਂਗਰਸੀ ਗੁੰਡਿਆਂ ਵੱਲੋਂ ਅੱਜ ਪੰਜਾਬ ਭਰ ਵਿੱਚ ਲੋਕਤੰਤਰ ਦਾ ਕਤਲ ਕੀਤਾ ਹੈ। 


 


ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ ਅਤੇ ਹੁਣ ਲੋਕਤੰਤਰ ਦਾ ਕਤਲ ਕਰ ਰਹੇ ਹਨ। ਕੈਪਟਨ ਅਮਰਿੰਦਰ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਇਹ ਸ਼ੱਕ ਪ੍ਰਗਟਾ ਰਹੀ ਸੀ ਕਿ ਕਾਂਗਰਸ ਚੋਣਾਂ ਲੁੱਟਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਇਸ ਸਬੰਧੀ ਰਾਜ ਚੋਣ ਕਮਿਸ਼ਨ ਨੂੰ ਮਿਲਕੇ ਚੋਣਾਂ ਵਿੱਚ ਅਰਧ ਸੈਨਿਕ ਬਲ ਤੈਨਾਤ ਕਰਨ ਸਬੰਧੀ ਵੀ ਮੰਗ ਪੱਤਰ ਦਿੱਤਾ ਸੀ। ਪਰ ਉਸ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਕਾਰਨ ਅੱਜ ਪੰਜਾਬ 'ਚ ਲੋਕਤੰਤਰ ਦਾ ਕਤਲ ਹੋਇਆ ਹੈ। 


 


ਉਨਾਂ ਕਿਹਾ ਕਿ ਕਾਂਗਰਸੀ ਗੁੰਡਿਆਂ ਵੱਲੋਂ ਕਈ ਥਾਵਾਂ 'ਤੇ ‘ਆਪ’ ਵਲੰਟੀਅਰਾਂ 'ਤੇ ਹਮਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪੱਟੀ ਵਿੱਚ ‘ਆਪ’ ਵਲੰਟੀਅਰ 'ਤੇ ਗੋਲੀ ਚਲਾਈ ਗਈ ਹੈ ਜਦਕਿ ਇਕ ਵਲੰਟੀਅਰ ਨੂੰ ਪੁਲਿਸ ਨੇ ਨਜਾਇਜ਼ ਤੌਰ ’ਤੇ ਗ੍ਰਿਫਤਾਰ ਕਰ ਲਿਆ। ਇਸੇ ਤਰਾਂ ਹੀ ਤਰਨਤਾਰਨ, ਰਾਜਪੁਰਾ, ਫਾਜ਼ਿਲਕਾ, ਫਿਰੋਜ਼ਪੁਰ, ਅਬੋਹਰ, ਜਲਾਲਾਬਾਦ, ਸਮਾਣਾ, ਧੂਰੀ, ਭਿੱਖੀਵਿੰਡ ਤੋਂ ਇਲਾਵਾ ਹੋਰ ਕਈ ਥਾਵਾਂ 'ਤੇ ਕਾਂਗਰਸੀ ਗੁੰਡਿਆਂ ਨੇ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। 


 


ਉਨਾਂ ਕਿਹਾ ਕਿ ਇਸ ਤਰਾਂ ਲੋਕਾਂ ਨੂੰ ਡਰਾ ਧਮਾਕੇ ਚੋਣਾਂ ਲੁੱਟੀਆਂ ਜਾ ਰਹੀ ਹਨ ਅਤੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜਿਹੜੇ ਅਫਸਰ ਅੱਜ ਕਾਂਗਰਸ ਦੀ ਸਹਿ ਉੱਤੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ ਦੀ ਬਜਾਏ ਕਾਂਗਰਸੀ ਵਰਕਰ ਦੇ ਤੌਰ 'ਤੇ ਕੰਮ ਕਰ ਰਹੇ ਹਨ, ਉਨਾਂ ਉੱਤੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਕਾਰਵਾਈ ਕੀਤੀ ਜਾਵੇਗੀ।