ਨਵੀਂ ਦਿੱਲੀ: ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਨਿਰਭਿਆ ਦੇ ਗੁਨਹਗਾਰਾਂ ਨੂੰ ਫਾਂਸੀ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਦੇ ਪਵਨ ਜਲਾਦ ਨੂੰ ਫਾਂਸੀ ਤੋਂ ਤਿੰਨ ਦਿਨ ਪਹਿਲਾਂ 17 ਮਾਰਚ ਨੂੰ ਤਿਹਾੜ ਜੇਲ੍ਹ ਸੱਦ ਲਿਆ ਹੈ। ਉਸ ਦੇ ਆਉਣ ਤੋਂ ਬਾਅਦ ਅਧਿਕਾਰੀ ਇੱਕ ਵਾਰ ਫੇਰ ਡਮੀ ਫਾਂਸੀ ਦੇ ਕੇ ਟੈਸਟਿੰਗ ਕਰਨਗੇ। ਇਸ ਮਹੀਨੇ ਦੀ ਸ਼ੁਰੂਆਤ ‘ਚ ਦਿੱਲੀ ਦੀ ਕੋਰਟ ਨੇ ਚਾਰਾਂ ਦੋਸ਼ੀਆਂ ਮੁਕੇਸ਼ (32), ਪਵਨ ਗੁਪਤਾ (25), ਵਿਨੇ ਸ਼ਰਮਾ (26) ਤੇ ਅਕਸ਼ੈ ਸਿੰਘ (31) ਨੂੰ 20 ਮਾਰਚ ਸਵੇਰੇ 5:30 ਵਜੇ ਫਾਂਸੀ ਦਾ ਵਾਰੰਟ ਜਾਰੀ ਕੀਤਾ ਸੀ।


ਦੋਸ਼ੀਆਂ ਨੇ ਕੀਤੀ ਪਰਿਵਾਰ ਨਾਲ ਮੁਲਾਕਾਤ:



ਕਾਨੂੰਨੀ ਵਿਕਲਪਾਂ ਦੇ ਬਚੇ ਹੋਣ ਕਾਰਨ ਫਾਂਸੀ ਦੀ ਤਾਰੀਖ ਇਸ ਤੋਂ ਪਹਿਲਾਂ ਤਿੰਨ ਵਾਰ ਟਲ ਚੁੱਕੀ ਹੈ। ਮੁਕੇਸ਼, ਪਵਨ ਤੇ ਵਿਨੇ ਆਪਣੇ-ਆਪਣੇ ਪਰਿਵਾਰਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਜੇਲ੍ਹ ਅਫਸਰਾਂ ਨੇ ਅਕਸ਼ੈ ਦੇ ਪਰਿਵਾਰ ਨੂੰ ਫਾਂਸੀ ਮੁਲਾਕਾਤ ਦੀ ਤਾਰੀਖ ਬਾਰੇ ਲਿਖਿਆ ਹੈ।



ਦੋਸੀਆਂ ਦੇ 13 ਪਰਿਵਾਰਕ ਮੈਂਬਰਾਂ ਨੇ ਮੰਗੀ ਸਵੈ-ਇੱਛਾ ਮੌਤ:

ਗੁੰਨਾਹਗਾਰਾਂ ਦੇ ਬੁਜਰਗ ਮਾਂ-ਪਿਓ, ਭਰਾ-ਭੈਣ ਤੇ ਬੱਚਿਆਂ ਸਮੇਤ 13 ਪਰਿਵਾਰਕ ਮੈਂਬਰਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿੱਖ ਆਪਣੇ ਲਈ ਇੱਛਾ ਮ੍ਰਿਤੂ ਦੇ ਅਧਿਕਾਰ ਦੀ ਇਜਾਜ਼ਤ ਮੰਗੀ ਹੈ। ਚਿੱਠੀ ‘ਚ ਕਿਹਾ ਗਿਆ ਹੈ ਕਿ ਸਾਡੀ ਅਰਜ਼ੀ ਨੂੰ ਸਵੀਕਾਰ ਕੀਤਾ ਜਾਵੇ ਤੇ ਭਵਿੱਖ ‘ਚ ਇਸ ਤਰ੍ਹਾਂ ਦੇ ਕਿਸੇ ਵੀ ਅਪਰਾਧ ਨੂੰ ਰੋਕੋ, ਤਾਂ ਜੋ ਨਿਰਭਿਆ ਵਰਗੀ ਦੂਜੀ ਘਟਨਾ ਨਾ ਹੋ ਸਕੇ ਤੇ ਅਦਾਲਤ ਨੂੰ ਅਜਿਹਾ ਨਾ ਕਰਨਾ ਪਵੇ ਕਿ ਇੱਕ ਦੀ ਥਾਂ ‘ਤੇ ਪੰਜ ਲੋਕਾਂ ਨੂੰ ਫਾਂਸੀ ਦੇਣੀ ਪਵੇ।“ ਉਨ੍ਹਾਂ ਇਹ ਵੀ ਲਿਖਿਆ ਕਿ ਅਜਿਹਾ ਕੋਈ ਪਾਪੀ ਨਹੀਂ ਜਿਸ ਨੂੰ ਮਾਫ ਕੀਤਾ ਜਾ ਸਕੇ।