ਪਵਨਪ੍ਰੀਤ ਕੌਰ 

ਚੰਡੀਗੜ: ਇਕ ਦਿਨ ਪਹਿਲਾਂ 'ਮਹਾਰਾਜਾ' ਅਮਰਿੰਦਰ ਸਿੰਘ ਦੇ ਸਲਾਹਕਾਰ ਰਾਜਾ ਵੜਿੰਗ ਵੱਲੋਂ ਆਪਣੇ ਫੇਸਬੁੱਕ ਅਕਵਾਉਂਟ 'ਤੇ ਇਕ ਵੀਡੀਓ ਪੋਸਟ ਕਰਕੇ ਕਈ ਸੰਕੇਤਕ ਬਿਆਨ ਦਿੱਤੇ ਸਨ ਅਤੇ ਖਾਸਕਰ ਰੇਤ ਮਾਫੀਆ ਨੂੰ ਲੈ ਕੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਦੀ ਗੱਲ ਵੀ ਕੀਤੀ ਸੀ। ਰਾਜਾ ਵੜਿੰਗ ਵੱਲੋਂ ਵੀਡੀਓ ਪੋਸਟ ਪਾਉਣ ਵਾਲੀ ਰਾਤ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਕਿ ਨਜਾਇਜ਼ ਤੌਰ 'ਤੇ ਰਾਤ ਦੇ ਸਮੇਂ ਹੁੰਦੀ ਮਾਈਨਿੰਗ ਨੂੰ ਰੋਕਿਆ ਜਾਵੇ।

 

ਜਿਸਤੋ ਬਾਅਦ ਰਾਤੋ ਰਾਤ ਪੰਜਾਬ ਦੀਆਂ ਛੇ ਥਾਵਾਂ 'ਤੇ ਰੇਡ ਕੀਤੀ ਗਈ। 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ 18 ਮਸ਼ੀਨਾਂ ਵੀ ਬਰਾਮਦ ਕੀਤੀਆਂ ਗਈਆਂ। ਇਹ ਕਾਰਵਾਈ ਰੋਪੜ, ਹੁਸ਼ਿਆਰਪੁਰ, ਜਲੰਧਰ ਸ਼ਹਿਰੀ ਅਤੇ ਦੇਹਾਤੀ , ਮੋਗਾ ਅਤੇ ਫਾਜ਼ਿਲਕਾ 'ਚ ਕੀਤੀ ਗਈ ਹੈ।

ਡੀਜੀਪੀ ਦਿਨਕਰ ਗੁਪਤਾ ਮੁਤਾਬਕ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਜਿਹੀਆਂ ਸ਼ਿਕਾਇਤਾਂ ਆਈਆਂ ਸਨ ਜਿਨ੍ਹਾਂ ਮੁਤਾਬਕ ਰਾਤ ਦੇ ਸਮੇਂ ਨਜਾਇਜ਼ ਤੌਰ 'ਤੇ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਲਗਾਤਾਰ ਹੋਣਗੀਆਂ। ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ  ਅਪ੍ਰੇਸ਼ਨ ਚਲਾਏ ਜਾਣਗੇ।