ਚੰਡੀਗੜ੍ਹ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਆਈ ਉਨ੍ਹਾਂ ਦੀ ਪਤਨੀ ਮੇਲਾਨੀਆ ਮੰਗਲਵਾਰ ਨੂੰ ਦਿੱਲੀ ਦੇ ਇੱਕ ਸਰਕਾਰੀ ਸਕੂਲ ਦਾ ਦੌਰਾ ਕਰੇਗੀ। ਇਸ ਸਮਾਗਮ 'ਚ ਮੁੱਖ ਮੰਤਰੀ ਕੇਜਰੀਵਾਲ ਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸ਼ਾਮਲ ਨਹੀਂ ਹੋਣਗੇ। ਇਸ 'ਤੇ ਹੁਣ ਅਮਰੀਕੀ ਦੂਤਾਵਾਸ ਦਾ ਕਹਿਣਾ ਹੈ ਕਿ ਮੇਲਾਨੀਆ ਦੇ ਸਮਾਗਮ 'ਚ ਕੇਜਰੀਵਾਲ ਤੇ ਸਿਸੋਦੀਆ ਦੀ ਮੌਜੂਦਗੀ 'ਤੇ ਕੋਈ ਇਤਰਾਜ਼ ਨਹੀਂ।


ਅਮਰੀਕੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ, "ਸਾਨੂੰ ਇਸ ਸਮਾਗਮ 'ਚ ਦਿੱਲੀ ਦੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਦੀ ਮੌਜੂਦਗੀ 'ਤੇ ਕੋਈ ਇਤਰਾਜ਼ ਨਹੀਂ ਹੈ। ਅਸੀਂ ਉਨ੍ਹਾਂ ਦੀ ਸਮਝ ਨੂੰ ਸਰਾਹੁੰਦੇ ਹਾਂ ਕਿਉਂਕਿ ਇਹ ਗੈਰ-ਰਾਜਨੀਤਕ ਸਮਾਗਮ ਹੈ। ਇਸ ਦਾ ਮਕਸਦ ਸਿੱਖਿਆ, ਸਕੂਲ ਤੇ ਵਿਦਿਆਰਥੀਆਂ ਬਾਰੇ ਸੋਚਣਾ ਹੈ।"

ਉੱਧਰ ਦੂਸਰੇ ਪਾਸੇ, ਸਿਸੋਦੀਆ ਨੇ ਵੀ ਸੰਤੁਲਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, "ਦਿੱਲੀ ਸਰਕਾਰ, ਟੀਚਰਸ ਤੇ ਵਿਦਿਆਰਥੀਆਂ ਲਈ ਇਹ ਮਾਣ ਦਾ ਵਿਸ਼ਾ ਹੈ ਕਿ ਅਮਰੀਕਾ ਦੀ ਪਹਿਲੀ ਮਹਿਲਾ ਇੱਥੇ ਇੱਕ ਸਕੂਲ ਦਾ ਦੌਰਾ ਕਰੇਗੀ। ਇਹ ਦਿੱਲੀ ਸਰਕਾਰ ਲਈ ਵੀ ਖੁਸ਼ੀ ਦਾ ਵਿਸ਼ਾ ਹੈ ਕਿ ਸਿੱਖਿਆ ਦੇ ਖੇਤਰ 'ਚ ਕੀਤੇ ਗਏ ਉਸ ਦੇ ਕੰਮਾਂ ਨੂੰ ਪ੍ਰਮੁੱਖਤਾ ਮਿਲ ਰਹੀ ਹੈ। ਅਸੀਂ ਮੇਲਾਨੀਆ ਟਰੰਪ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਉਨ੍ਹਾਂ ਦੇ ਇਸ ਦੌਰੇ ਲਈ ਸਭ ਤੋਂ ਵਧੀਆ ਇੰਤਜ਼ਾਮ ਕੀਤੇ ਜਾਣਗੇ।"

ਦੱਸ ਦਈਏ ਕਿ ਕੇਜਰੀਵਾਲ ਤੇ ਸਿਸੋਦੀਆ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣਾ ਸੀ ਪਰ ਬਾਅਦ ਵਿੱਚ ਉਨ੍ਹਾਂ ਦਾ ਨਾਂ ਮਹਿਮਾਨਾਂ ਦੀ ਸੂਚੀ ਵਿੱਚੋਂ ਕੱਢ ਦਿੱਤਾ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਮੋਦੀ ਸਰਕਾਰ 'ਤੇ ਵੀ ਇਲਜ਼ਾਮ ਲਾਏ ਸੀ।