ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੌਕਡਾਊਨ 'ਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ ਇਜਾਜ਼ਤ ਤੋਂ ਜ਼ਿਆਦਾ ਢਿੱਲ ਨਹੀਂ ਦੇਵੇਗੀ। ਕੇਜਰੀਵਾਲ ਨੇ ਦਿੱਲੀ 'ਚ ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਘੱਟ ਕਰਨ ਦਾ ਬੀੜਾ ਚੁੱਕਿਆ ਹੈ।


ਆਨਲਾਇਨ ਮੀਡੀਆ ਬ੍ਰੀਫਿੰਗ ਨੂੰ ਸੋਬੰਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਿੰਨ ਮਈ ਤਕ ਲੌਕਡਾਊਨ ਦੌਰਾਨ ਆਸਪਾਸ ਦੀਆਂ ਦੁਕਾਨਾਂ ਖੋਲ੍ਹਣ ਤੇ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਕਿਸੇ ਵੀ ਬਜ਼ਾਰ ਜਾਂ ਮੌਲ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


ਕੇਜਰੀਵਾਲ ਨੇ ਕਿਹਾ 'ਸਰਕਾਰ ਹਾਲਾਤਾਂ 'ਤੇ ਕਾਬੂ ਰੱਖੇਗੀ ਤੇ ਤਿੰਨ ਮਈ ਤਕ ਲੌਕਡਾਊਨ ਦੀਆਂ ਪਾਬੰਦੀਆਂ 'ਚ ਕੇਂਦਰ ਤੋਂ ਬਾਹਰ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਦੇਵੇਗੀ। ਕੇਜਰੀਵਾਲ ਨੇ ਕਿਹਾ ਅਸੀਂ ਮੁਸ਼ਕਿਲ ਦੌਰ 'ਚੋਂ ਲੰਘ ਰਹੇ ਹਾਂ ਪਰ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਕਰਨ ਲਈ ਆਪਣੇ ਯਤਨ ਜਾਰੀ ਰੱਖਾਂਗੇ।


ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਿਸੇ ਵੀ ਧਰਮ 'ਚ ਮਤਭੇਦ ਨਹੀਂ ਕਰਦਾ। ਅਜਿਹੇ ਔਖੇ ਵੇਲੇ ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਮੁਸਲਿਮ ਦੇ ਪਲਾਜ਼ਮਾ ਦੀ ਵਰਤੋਂ ਹਿੰਦੂ ਮਰੀਜ਼ ਤੇ ਹਿੰਦੂ ਤੇ ਪਲਾਜ਼ਮਾ ਦੀ ਵਰਤੋਂ ਮੁਸਲਿਮ ਮਰੀਜ਼ ਲਈ ਕੀਤੀ ਜਾ ਸਕਦੀ ਹੈ। ਦਿੱਲੀ ਸਰਕਾਰ ਮੁਤਾਬਕ ਸ਼ਨੀਵਾਰ 111 ਨਵੇਂ ਮਾਮਲੇ ਸਾਹਮਣੇ ਆਏ ਜਿਸ ਮਗਰੋਂ ਕੋਰੋਨਾ ਵਾਇਰਸ ਦੇ 2625 ਮਾਮਲੇ ਹੋ ਗਏ ਹਨ ਤੇ 54 ਲੋਕਾਂ ਦੀ ਮੌਤ ਹੋ ਚੁੱਕੀ ਹੈ।