ਚੰਡੀਗੜ੍ਹ: ਕੋਰੋਨਾ ਵਾਇਰਸ ਕਰਕੇ ਲੱਗੇ ਕਰਫਿਊ ਤੇ ਲੌਕਡਾਊਨ ਕਾਰਨ ਨਸ਼ਿਆਂ ਦੀ ਸਪਲਾਈ ਲਾਈਨ ਟੁੱਟ ਚੁੱਕੀ ਹੈ। ਪੁਲਿਸ ਦੀ ਸਖ਼ਤੀ ਕਾਰਨ ਆਧੁਨਿਕ ਨਸ਼ਿਆਂ 'ਤੇ ਲੱਗੇ ਲੋਕਾਂ ਨੂੰ ਸ਼ਰਾਬ ਵੀ ਨਹੀਂ ਮਿਲ ਰਹੀ, ਜਿਸ ਕਾਰਨ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੀੜ ਦਿਨੋ ਦਿਨ ਵੱਧ ਰਹੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਇਸ ਸਮੇਂ ਪੰਜਾਬ ਵਿੱਚ ਪੌਣੇ ਪੰਜ ਲੱਖ ਤੋਂ ਵੱਧ ਨਸ਼ੇੜੀ ਆਪਣੀ ਇਸ ਅਲਾਮਤ ਤੋਂ ਛੁਟਕਾਰਾ ਪਾਉਣ ਲਈ ਵੱਖ-ਵੱਖ ਨਸ਼ਾ ਛੁਡਾਊ ਕੇਂਦਰਾਂ ਵਿੱਚ ਪਹੁੰਚ ਰਹੇ ਹਨ।


ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬੇ ਵਿੱਚ ਕੋਵਿਡ-19 ਦੀ ਰੋਕਥਾਮ ਲਈ ਲਾਗੂ ਕਰਫਿਊ ਦੌਰਾਨ ਨਸ਼ਾ ਪੀੜਤਾਂ ਨੂੰ ਲਗਾਤਾਰ ਇਲਾਜ ਸੇਵਾਵਾਂ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲੀ ਹੈ ਕਿਉਂਕਿ ਸਿਰਫ ਇੱਕ ਮਹੀਨੇ ਦੌਰਾਨ ਹੀ 60 ਹਜ਼ਾਰ ਤੋਂ ਵੱਧ ਨਸ਼ਾ ਨਵੇਂ ਪੀੜਤਾਂ ਨੇ ਓਟ ਕੇਂਦਰਾਂ ’ਚ ਰਜਿਸਟ੍ਰੇਸ਼ਨ ਕਰਵਾਈ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਓਟ ਕਲੀਨਿਕਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 8 ਵਜੇ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਅਨੁਸਾਰ ਉਸ ਕੋਲ 4.14 ਲੱਖ ਮਰੀਜ਼ ਦਰਜ ਸਨ। ਤਾਲਾਬੰਦੀ ਤੋਂ ਪਹਿਲਾਂ ਓਟ ਕੇਂਦਰਾਂ ’ਚ 1.55 ਲੱਖ, ਨਸ਼ਾ ਛੁਡਾਊ ਕੇਂਦਰਾਂ ’ਚ 2.15 ਲੱਖ ਅਤੇ 30 ਹਜ਼ਾਰ ਤੋਂ ਵੱਧ ਨਸ਼ਾ ਪੀੜਤ ਮੁੜ ਵਸੇਬਾ ਕੇਂਦਰਾਂ ’ਚ ਸਨ। ਓਟ ਕੇਂਦਰਾਂ 60 ਹਜ਼ਾਰ ਨਵੇਂ ਮਰੀਜ਼ ਆਉਣ ਨਾਲ ਇਹ ਅੰਕੜਾ 4.74 ਲੱਖ ਹੋ ਗਿਆ ਹੈ।