ਸਿਓਲ: ਪੂਰੀ ਦੁਨੀਆ ‘ਚ ਕੋਰੋਨਾਵਾਇਰਸ ਸੰਕਰਮਿਤ ਲੋਕਾਂ ਦਾ ਅੰਕੜਾ 10 ਲੱਖ ਤੱਕ ਪਹੁੰਚਣ ਵਾਲਾ ਹੈ। ਅਜਿਹੇ ‘ਚ ਉੱਤਰ ਕੋਰੀਆ ਦੇ ਇੱਕ ਸਿਹਤ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਪਿਓਂਗਯਾਂਗ ਅਜੇ ਤੱਕ ਕੋਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਨਾਲ ਮੁਕਤ ਹੈ। ਇਹ ਦਾਅਵਾ ਹੈਰਾਨ ਕਰਨ ਵਾਲਾ ਹੈ। ਅਮਰੀਕਾ ਵਰਗੀ ਵਿਸ਼ਵ ਸ਼ਕਤੀ ਇਸ ਵੇਲੇ ਕੋਰੋਨਾ ਨਾਲ ਬੇਹਾਲ ਹੈ ਪਰ ਚੀਨ ਨਾਲ ਲੱਗਦੇ ਇਸ ਦੇਸ਼ ਨੂੰ ਕੁਝ ਨਹੀਂ ਹੋਇਆ।


ਪਤਾ ਲੱਗਾ ਹੈ ਕਿ ਦੁਨੀਆ ਤੋਂ ਵੱਖ ਉੱਤਰ ਕੋਰੀਆ ਨੇ ਗੁਆਂਢੀ ਦੇਸ਼ ਚੀਨ ‘ਚ ਵਾਇਰਸ ਦਾ ਪਤਾ ਚੱਲਣ ਦੇ ਨਾਲ ਹੀ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤੀ ਸੀ। ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਦੇਸ਼ ‘ਚ ਆਉਣ ਵਾਲੇ ਸਾਰੇ ਲੋਕਾਂ ਲਈ ਕਵਾਰੰਟਾਈਨ ਜਿਹੇ ਪ੍ਰਵੈਂਟਿਵ ਤੇ ਵਿਗਿਆਨਕ ਉਪਾਅ ਨੂੰ ਅੰਜਾਮ ਦਿੱਤਾ ਹੈ।

ਉੱਧਰ ਦੂਸਰੇ ਪਾਸੇ ਮਾਹਿਰਾਂ ਦੀ ਗੱਲ ਇਸ ਤੋਂ ਇੱਕ ਦਮ ਉਲਟ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉੱਤਰ ਕੋਰੀਆ ਸਿਹਤ ਪ੍ਰਣਾਨੀ ‘ਚ ਕਾਫੀ ਕਮਜ਼ੋਰ ਹੈ। ਉਨ੍ਹਾਂ ਪਿਓਂਗਯਾਂਗ ‘ਤੇ ਵਾਇਰਸ ਨੂੰ ਛੁਪਾਉਣ ਦਾ ਇਲਜ਼ਾਮ ਲਾਇਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੂੰ ਲਿਖੇ ਨਿਜੀ ਪੱਤਰ ‘ਚ ਮਹਾਮਾਰੀ ਦੀ ਰੋਕਥਾਮ ਲਈ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ। ਉੱਥੇ ਹੀ ਫਰਵਰੀ ‘ਚ ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਸ ਨੇ ਪਿਓਂਗਯਾਂਗ ਦੀ ਮੰਗ ‘ਤੇ 1500 ਕੋਰੋਨਾਵਾਇਰਸ ਡਾਇਗਨੋਸਟਿਕ ਟੈਸਟ ਕਿੱਟ ਭੇਜੇ ਸੀ।