ਪਵਨਪ੍ਰੀਤ ਕੌਰ
ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 21 ਹੋ ਗਈ ਹੈ। ਇਨ੍ਹਾਂ 21 ਮਾਮਲਿਆਂ 'ਚੋਂ 14 ਸਿਰਫ ਨਵਾਂਸ਼ਹਿਰ ਦੇ ਹੀ ਹਨ। ਇਸ ਨਾਮੁਰਾਦ ਬਿਮਾਰੀ ਕਾਰਨ ਜਾਨ ਗਵਾਉਣ ਵਾਲੇ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਜਦੋਂ ਟੈਸਟ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਉਨ੍ਹਾਂ ਵਿੱਚੋਂ 7 ਹੋਰ ਲੋਕ ਕੋਰੋਨਾਵਾਇਰਸ ਦੇ ਸ਼ਿਕਾਰ ਹੋਏ ਹਨ।

ਇਨ੍ਹਾਂ ਵਿੱਚ ਮ੍ਰਿਤਕ ਬਲਦੇਵ ਨਾਲ ਵਿਦੇਸ਼ ਤੋਂ ਆਏ ਦੋ ਲੋਕਾਂ, ਪਿੰਡ ਪਠਲਾਵਾ ਦਾ ਸਰਪੰਚ ਸਮੇਤ ਕੁੱਲ 7 ਲੋਕ ਸ਼ਾਮਲ ਹਨ। ਕੋਰੋਨਾ ਦੇ ਸੰਪਰਕ ਚ ਪਿੰਡ ਪਠਲਾਵਾ ਤੋਂ ਛੇ ਜਦਕਿ ਇਸੇ ਕੜੀ ਵਿੱਚੋਂ ਸੱਤਵਾਂ ਪੌਜ਼ੇਟਿਵ ਕੇਸ ਪਿੰਡ ਝਿੱਕਾ ਲਧਾਣਾ ਤੋਂ ਹੈ। ਬਲਦੇਵ ਕੋਰੋਨਾ ਦੀ ਹਾਲਤ 'ਚ ਹੋਲਾ-ਮੁਹੱਲਾ ਦਦੇਖਣ ਲਈ ਸ੍ਰੀ ਅਨੰਦਪੁਰ ਸਾਹਿਬ ਗਿਆ ਸੀ।

ਸਰਕਾਰ ਵਲੋਂ  ਹੋਲਾ-ਮੁਹੱਲਾ 'ਚ ਸ਼ਾਮਲ ਹੋਏ ਲੋਕਾਂ ਦਾ ਮੈਡੀਕਲ ਚੈੱਕਅਪ ਕਰਨ ਦੀ ਸਲਾਹ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ 31 ਮਾਰਚ ਤੱਕ ਲੋਕਡਾਊਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਧਰ ਹਿਮਾਚਲ 'ਚ ਵੀ ਸਰਕਾਰ ਵੱਲੋਂ 31 ਮਾਰਚ ਤੱਕ ਲੋਕਡਾਊਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੂਬਾ ਸਰਕਾਰ ਨੇ ਸਾਰੇ ਡੀਸੀ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।