ਚੰਡੀਗੜ੍ਹ: ਮੋਦੀ ਸਰਕਾਰ ਚੰਗੀ ਤਰ੍ਹਾਂ ਜਾਣ ਗਈ ਹੈ ਕਿ ਉਨ੍ਹਾਂ ਵੱਲੋਂ ਨਵੇਂ ਖੇਤੀ ਕਾਨੂੰਨ ਲਾਗੂ ਕਰਨ ਦੇ ਲਏ ਗਏ ਵੱਡੇ ਫੈਸਲੇ ਨੇ ਪੰਜਾਬ ਨੂੰ ਬੀਜੇਪੀ ਖ਼ਿਲਾਫ਼ ਖੜ੍ਹਾ ਕਰ ਦਿੱਤਾ ਹੈ। ਇਸ ਕਰਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜਾਬੀਆਂ ਨੂੰ ਪ੍ਰਭਾਵਿਤ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਰਕਾਬਗੰਜ ਗੁਰਦੁਆਰਾ ਸਾਹਿਬ ਗਏ। ਪ੍ਰਧਾਨ ਮੰਤਰੀ ਮੋਦੀ ਦੀ ਇਹ ਫੇਰੀ ਬਹੁਤ ਖਾਸ ਮੰਨੀ ਜਾ ਰਹੀ ਹੈ। ਅਜਿਹੇ ਸਮੇਂ 'ਚ ਜਦੋਂ ਪੰਜਾਬ 'ਚ ਖੇਤੀ ਕਾਨੂੰਨਾਂ ਦਾ ਬਹੁਤ ਵਿਰੋਧ ਹੋ ਰਿਹਾ ਹੈ, ਪ੍ਰਧਾਨ ਮੰਤਰੀ ਮੋਦੀ ਨੇ ਗੁਰੂਘਰ 'ਚ ਮੱਥਾ ਟੇਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਸਿੱਖ ਕੌਮ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਸੀ।

ਅਹਿਮ ਗੱਲ ਹੈ ਕਿ ਪੰਜਾਬ 'ਚ ਭਾਜਪਾ ਪਹਿਲਾਂ ਹੀ ਕਮਜ਼ੋਰ ਮੰਨੀ ਜਾ ਰਹੀ ਹੈ ਕਿਉਂਕਿ ਹੁਣ ਅਕਾਲੀ ਦਲ ਵੀ ਇਸ ਦੇ ਨਾਲ ਨਹੀਂ। ਉਂਝ ਬੀਜੇਪੀ ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਦੀ ਥਾਂ ਆਪਣੇ ਪੈਰਾਂ 'ਤੇ ਹੋਣ ਦੀ ਕੋਸ਼ਿਸ਼ ਕਰ ਰਹੀ ਸੀ। ਇਸੇ ਤਹਿਤ ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਲਾਂਘੇ ਰਾਹੀਂ ਵੀ ਸਿੱਖਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਸਿੱਖਾਂ ਦੇ ਇੱਕ ਹਿੱਸੇ ਨੇ ਹਮੇਸ਼ਾਂ ਆਰਐਸਐਸ (RSS) ਦੀ ਉਸ ਸੋਚ ਦਾ ਵਿਰੋਧ ਕੀਤਾ ਹੈ ਜਿਸ 'ਚ ਕਿਹਾ ਜਾਂਦਾ ਹੈ ਕਿ ਸਿੱਖ ਵੀ ਹਿੰਦੂਆਂ ਦਾ ਹੀ ਹਿੱਸਾ ਹਨ। ਇਸ ਦੇ ਵਿਰੋਧ ਵਿੱਚ ਹੀ ਪੰਜਾਬ ਵਿੱਚ ਕਈ ਸੰਘ ਆਗੂ ਵੀ ਮਾਰੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਭਾਵੇਂ ਦੋਵਾਂ ਫਿਰਕਿਆਂ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋਣ।


ਉਹ ਸਾਵਰਕਰ ਦੀ ਸੋਚ ਦੀ ਵਰਤੋਂ ਵੀ ਕਰ ਰਹੇ ਹਨ ਜਿਸ ਵਿੱਚ ਸਾਵਰਕਰ ਨੇ ਸਿੱਖਾਂ ਨੂੰ ਹਿੰਦੂ ਜਾਤੀ ਦਾ ਬਹਾਦਰ ਦੱਸਿਆ ਹੈ, ਪਰ ਇਹ ਬਹੁਤ ਮੁਸ਼ਕਲ ਹੈ। ਜੇ ਪਾਰਟੀ ਨੂੰ ਇਸ 'ਚ ਸਫਲਤਾ ਹਾਸਲ ਕਰਨੀ ਹੈ, ਤਾਂ ਇਸ ਨੂੰ ਅਜੇ ਹੋਰ ਲੰਮਾ ਰਸਤਾ ਤੈਅ ਕਰਨਾ ਹੋਵੇਗਾ। ਹੁਣ ਬੀਜੇਪੀ ਇਕ ਨਵੇਂ ਢੰਗ ਨਾਲ ਪੰਜਾਬ ਤੇ ਸਿੱਖਾਂ 'ਚ ਆਪਣੀ ਪੈਠ ਬਣਾਉਣੀ ਚਾਹੁੰਦੀ ਹੈ। ਪਿਛਲੇ ਦੋ ਦਹਾਕਿਆਂ ਤੋਂ ਪਾਰਟੀ ਪੰਜਾਬ 'ਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਵੱਡੀ ਸਫਲਤਾ ਨਹੀਂ ਮਿਲੀ ਹੈ।

ਇੱਥੇ ਰਾਸ਼ਟਰਵਾਦ ਅਤੇ ਪਾਰਟੀ ਦੀ ਜਾਤੀ ਏਕਤਾ ਦਾ ਪ੍ਰਭਾਵ ਜ਼ਿਆਦਾ ਨਹੀਂ ਦੀਖਿਆ। ਇੱਥੋਂ ਤੱਕ ਕਿ ਇਹ ਵੀ ਮੰਨਿਆ ਜਾਂਦਾ ਹੈ ਕਿ ਮੋਦੀ ਫੈਕਟਰ ਸਿਰਫ ਹਿੰਦੂ-ਪ੍ਰਭਾਵਸ਼ਾਲੀ ਖੇਤਰਾਂ ਵਿੱਚ ਕੰਮ ਕਰਦਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ ਭਾਜਪਾ ਜੇਤੂ ਰਹੀ ਪਰ ਇੱਕ ਹਿੰਦੂ-ਪ੍ਰਭਾਵਸ਼ਾਲੀ ਖੇਤਰ ਜਲੰਧਰ 'ਚ ਪਾਰਟੀ ਕੁਝ ਫਰਕ ਨਾਲ ਚੋਣ ਹਾਰ ਗਈ। ਹੁਣ ਰਹੀ ਗੱਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ, ਤਾਂ ਜੇਕਰ ਬੀਜੇਪੀ ਪੰਜਾਬ 'ਚ ਆਪਣਾ ਕੋਈ ਪ੍ਰਭਾਵ ਦੇਖਣਾ ਚਾਹੁੰਦੀ ਹੈ ਤਾਂ ਉਸ ਨੂੰ ਨਵੀਂ ਰਣਨੀਤੀ ਤਿਆਰ ਕਰਨੀ ਹੋਵੇਗੀ।