ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ 'ਤੇ ਬੁਰੀ ਤਰ੍ਹਾਂ ਘਿਰੀ ਮੋਦੀ ਸਰਕਾਰ ਵੱਲੋਂ ਮੁੜ ਗੱਲਬਾਤ ਦੇ ਸੱਦੇ ਦੀ ਕਿਸਾਨਾਂ ਨੇ ਅਸਲੀਅਤ ਦੱਸੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਅਜੇ ਵੀ ਇਸ ਬਾਰੇ ਗੰਭੀਰ ਤੇ ਚਾਲਾਂ ਖੇਡ ਰਹੀ ਹੈ। ਸਰਕਾਰ ਅਜਿਹਾ ਕਰਕੇ ਸਾਬਤ ਕਰਨਾ ਚਾਹੁੰਦੀ ਹੈ ਕਿ ਉਹ ਗੱਲਬਾਤ ਲਈ ਗੰਭੀਰ ਹੈ ਪਰ ਕਿਸਾਨ ਹੀ ਨਹੀਂ ਮੰਨ ਰਹੇ।


ਇਸ ਬਾਰੇ ਆਲ ਇੰਡੀਆ ਕਿਸਾਨ ਸਮਿਤੀ (ਪੰਜਾਬ) ਦੇ ਸਹਾਇਕ ਸਕੱਤਰ ਤੇ ਕਿਸਾਨ ਲੀਡਰ ਕਸ਼ਮੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਮੀਟਿੰਗ ਦੀ ਤਰੀਕ ਬਾਰੇ ਪੁੱਛਣ ਦੀ ਕੋਈ ਤੁੱਕ ਨਹੀਂ ਬਣਦੀ। ਅਸੀਂ ਇੱਥੇ ਸਾਰਾ ਦਿਨ ਬੈਠੇ ਸਰਕਾਰ ਦੀ ਹੀ ਉਡੀਕ ਕਰਦੇ ਹਾਂ ਕਿ ਉਹ ਸਾਡੀ ਗੱਲ ਸੁਣੇ। ਸਾਡਾ ਨਹੀਂ ਬਲਕਿ ਉਨ੍ਹਾਂ (ਸਰਕਾਰ) ਦਾ ਸ਼ਡਿਊਲ ਰੁਝੇਵਿਆਂ ਭਰਪੂਰ ਹੈ। ਉਹ ਸਾਨੂੰ ਤਰੀਕ ਦੇਣ ਜਾਂ ਫਿਰ ਸਾਡੇ ਟੈਂਟਾਂ ’ਚ ਆ ਜਾਣ, ਆ ਕੇ ਵੇਖਣ ਅਸੀਂ ਕਿਵੇਂ ਰਹਿ ਰਹੇ ਹਾਂ ਤੇ ਸਾਡੇ ਨਾਲ ਗੱਲਬਾਤ ਕਰਨ।

ਕਾਬਲੇਗੌਰ ਹੈ ਕਿ ਖੇਤੀ ਮੰਤਰਾਲੇ ’ਚ ਜੁਆਇੰਟ ਸਕੱਤਰ ਵੱਲੋਂ ਅਗਲੇ ਗੇੜ ਦੀ ਗੱਲਬਾਤ ਲਈ ਤਾਰੀਖ ਤੇ ਸਮਾਂ ਤੈਅ ਕਰਨ ਲਈ ਭੇਜੇ ਪੱਤਰ ਮਗਰੋਂ ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਉਹ ਗੱਲਬਾਤ ਲਈ ਹਮੇਸ਼ਾ ਤਿਆਰ ਹਨ ਬਸ਼ਰਤੇ ਸਰਕਾਰ ਕਿਸੇ ‘ਠੋਸ ਹੱਲ’ ਦੀ ਪੇਸ਼ਕਸ਼ ਕਰੇ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ਇਸ ਸੱਜਰੇ ਪੱਤਰ ਵਿੱਚ ਕੁਝ ਵੀ ਨਵਾਂ ਨਹੀਂ ਤੇ ਪੁਰਾਣੀਆਂ ਗੱਲਾਂ ਨੂੰ ਹੀ ਦੁਹਰਾਇਆ ਗਿਆ ਹੈ।

ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਸਰਕਾਰ ਨੇ ਪੱਤਰ ਵਿੱਚ ਨਵੇਂ ਖੇਤੀ ਕਾਨੂੰਨਾਂ ’ਚ ਸੋਧ ਦੀ ਆਪਣੀ ਪਹਿਲੀ ਤਜਵੀਜ਼ ਬਾਰੇ ਗੱਲਬਾਤ ਕਰਨ ਦੀ ਹੀ ਗੱਲ ਆਖੀ ਹੈ। ਟਿਕੈਤ ਨੇ ਕਿਹਾ, ‘ਅਸੀਂ ਇਸ ਮੁੱਦੇ (ਸਰਕਾਰੀ ਤਜਵੀਜ਼) ’ਤੇ ਉਨ੍ਹਾਂ ਨਾਲ ਪਹਿਲਾਂ ਵੀ ਗੱਲਬਾਤ ਨਹੀਂ ਕੀਤੀ ਸੀ। ਅਸੀਂ ਹਾਲ ਦੀ ਘੜੀ ਇਸ ਗੱਲ ’ਤੇ ਵਿਚਾਰ ਕਰ ਰਹੇ ਹਾਂ ਕਿ ਸਰਕਾਰ ਨੂੰ ਕੀ ਜਵਾਬ ਦੇਣਾ ਹੈ।’

ਦੱਸ ਦਈਏ ਕਿ ਸਰਕਾਰ ਤੇ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦਰਮਿਆਨ 6ਵੇਂ ਗੇੜ ਦੀ ਗੱਲਬਾਤ 9 ਦਸੰਬਰ ਨੂੰ ਰੱਦ ਹੋ ਗਈ ਸੀ। ਖੇਤੀ ਮੰਤਰਾਲੇ ’ਚ ਜੁਆਇੰਟ ਸਕੱਤਰ ਵਿਵੇਕ ਅਗਰਵਾਲ ਨੇ 40 ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਲਿਖੇ ਪੱਤਰ ਵਿੱਚ ਖੇਤੀ ਕਾਨੂੰਨਾਂ ਵਿੱਚ ਸੋਧ ਦੀ ਸਰਕਾਰ ਦੀ ਤਜਵੀਜ਼ ਬਾਰੇ ਆਪਣੇ ਤੌਖਲੇ ਦੱਸਣ ਤੇ ਅਗਲੇ ਗੇੜ ਦੀ ਗੱਲਬਾਤ ਲਈ ਕੋਈ ਤਰੀਕ ਤੈਅ ਕਰਨ ਲਈ ਕਿਹਾ ਸੀ ਤਾਂ ਜੋ ਅੰਦੋਲਨ ਛੇਤੀ ਖ਼ਤਮ ਹੋ ਸਕੇ।

ਕਿਸਾਨ ਲੀਡਰ ਅਭਿਮੰਨਿਊ ਕੋਹਾਰ ਨੇ ਕਿਹਾ, ‘ਸਰਕਾਰ ਦੇ ਪੱਤਰ ’ਚ ਕੁਝ ਵੀ ਨਵਾਂ ਨਹੀਂ ਹੈ। ਅਸੀਂ ਨਵੇਂ ਖੇਤੀ ਕਾਨੂੰਨਾਂ ’ਚ ਸੋਧ ਦੀ ਸਰਕਾਰ ਦੀ ਤਜਵੀਜ਼ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਾਂ। ਕੀ ਸਰਕਾਰ ਨੂੰ ਸਾਡੀਆਂ ਮੰਗਾਂ ਬਾਰੇ ਨਹੀਂ ਪਤਾ? ਅਸੀਂ ਚਾਹੁੰਦੇ ਹਾਂ ਕਿ ਨਵੇਂ ਖੇਤੀ ਕਾਨੂੰਨਾਂ ’ਤੇ ਮੁਕੰਮਲ ਲੀਕ ਮਾਰੀ ਜਾਵੇ।’ ਦੋਆਬਾ ਕਿਸਾਨ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਰਾੜਾ ਨੇ ਕਿਹਾ ਕਿ ਕਿਸਾਨ ਗੱਲਬਾਤ ਲਈ ਹਮੇਸ਼ਾਂ ਤੋਂ ਤਿਆਰ ਹਨ, ਪਰ ਸਰਕਾਰ ਕੋਈ ਠੋਸ ਹੱਲ ਲੈ ਕੇ ਆਏ।’