ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਮੁੱਢ ਤੋਂ ਹੀ ਬੀਜੇਪੀ ਪੰਜਾਬ 'ਚ ਕੁਝ ਖ਼ਾਸ ਕਮਾਲ ਨਹੀਂ ਦਿਖਾਈ ਪਾਈ। ਹੁਣ ਖੇਤੀ ਕਾਨੂੰਨ ਬਣਾਉਣਾ ਤੇ ਅਕਾਲੀ ਦਲ ਦਾ ਪਾਰਟੀ ਨਾਲੋਂ ਵੱਖ ਹੋਣਾ, ਇਸ ਨੂੰ ਸੂਬੇ 'ਚ ਹੋਰ ਕਮਜ਼ੋਰ ਬਣਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ 'ਚ ਆਪਣਾ ਵੋਟ ਬੈਂਕ ਬਣਾਉਣ ਲਈ ਬੀਜੇਪੀ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇਸ ਦੇ ਬਾਵਜੂਦ ਪਾਰਟੀ ਦਾ ਵੋਟ ਸ਼ੇਅਰ 5 ਤੋਂ 8 ਫ਼ੀਸਦ ਹੀ ਰਿਹਾ ਹੈ। ਰਹੀ ਕਸਰ ਹੁਣ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਨੂੰਨਾਂ ਨੇ ਕੱਢ ਦਿੱਤੀ ਹੈ, ਜਿਸ ਦੇ ਖ਼ਿਲਾਫ਼ ਪੂਰਾ ਪੰਜਾਬ ਡਟ ਕੇ ਖੜ੍ਹਾ ਹੈ। ਇਹ ਵੀ ਹੋ ਸਕਦਾ ਹੈ ਕਿ ਇਹ ਵੋਟ ਸ਼ੇਅਰ ਕਿਸਾਨੀ ਅੰਦੋਲਨ ਤੋਂ ਬਾਅਦ ਹੋਰ ਘੱਟ ਜਾਵੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੇਤੀਬਾੜੀ ਕਾਨੂੰਨ ਬਾਰੇ ਕਿਸਾਨਾਂ ਦੇ ਮਨਾਂ ਦੇ ਡਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਅੰਦੋਲਨ 'ਤੇ ਕੋਈ ਖਾਸ ਪ੍ਰਭਾਵ ਨਹੀਂ ਹੋਇਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਾਲ ਹੀ ਵਿੱਚ ਰਕਾਬਗੰਜ ਦੇ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ 'ਤੇ ਲੋਕਾਂ ਦਾ ਵੱਖਰਾ ਹੀ ਪ੍ਰਤੀਕਰਮ ਸੀ। ਇਸ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵੀ ਵਿਆਪਕ ਤੌਰ 'ਤੇ ਸ਼ੇਅਰ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਮੋਦੀ ਨੇ ਇਸ ਕਦਮ ਨਾਲ ਪੰਜਾਬ ਦੇ ਲੋਕਾਂ 'ਚ ਸਿੱਖ ਪੱਖੀ ਹੋਣ ਦਾ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਬੀਜੇਪੀ ਪੰਜਾਬ 'ਚ ਆਪਣੀ ਕਮਜ਼ੋਰ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਵਾਰ ਕਿਸਾਨ ਲਹਿਰ ਉਨ੍ਹਾਂ ਲਈ ਨਵੀਂ ਮੁਸੀਬਤਾਂ ਖੜ੍ਹੀ ਕਰੇਗੀ। ਇਹ ਮੰਨਿਆ ਜਾਂਦਾ ਹੈ ਕਿ ਮੋਦੀ ਕਾਰਡ ਸਿਰਫ ਹਿੰਦੂ ਪ੍ਰਭਾਵਿਤ ਖੇਤਰਾਂ ਵਿੱਚ ਹੀ ਕੰਮ ਕਰਦਾ ਹੈ। ਭਾਰਤੀ ਜਨਤਾ ਪਾਰਟੀ ਨੇ ਸਾਲ 2019 'ਚ ਸਿਰਫ ਗੁਰਦਾਸਪੁਰ ਤੇ ਹੁਸ਼ਿਆਰਪੁਰ ਤੋਂ ਹੀ ਜਿੱਤ ਪ੍ਰਾਪਤ ਕੀਤੀ ਹੈ। ਉਹ ਵੀ ਅਕਾਲੀ ਦਲ ਦੇ ਸਹਾਰੇ। ਹੁਣ ਹਾਲਾਤ ਬਦਲ ਚੁੱਕੇ ਹਨ।
ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਬੀਜੇਪੀ ਨਾ ਤਾਂ ਪਿਛਲੇ 25 ਸਾਲਾਂ ਤੋਂ ਸੂਬੇ 'ਚ ਆਪਣਾ ਸ਼ੇਅਰ ਵਧਾ ਸਕੀ ਹੈ ਤੇ ਨਾ ਹੀ ਵੋਟ ਬੈਂਕ 'ਚ ਕੋਈ ਹੈਰਾਨੀਜਨਕ ਕੰਮ ਕਰ ਸਕੀ ਹੈ। ਰਾਜਨੀਤਕ ਮਾਹਿਰਾਂ ਦੀ ਮੰਨੀਏ ਤਾਂ ਪਾਰਟੀ ਦੀ ਪਕੜ ਹੁਣ ਸ਼ਹਿਰਾਂ 'ਚ ਤੇ ਉੱਚ ਜਾਤੀ ਵਰਗ ਦੇ ਲੋਕਾਂ 'ਚ ਵੀ ਕਮਜ਼ੋਰ ਪੈ ਰਹੀ ਹੈ। ਸਾਲ 2014 'ਚ ਅਰੁਣ ਜੇਤਲੀ ਦੀ ਹਾਰ ਤੇ 2019 'ਚ ਹਰਦੀਪ ਪੁਰੀ ਦੀ ਹਾਰ ਵੀ ਇਸ ਹੀ ਗੱਲ ਦਾ ਸੰਕੇਤ ਦੇ ਰਹੀ ਹੈ।
ਪੰਜਾਬ 'ਚ ਸਿੱਖਾਂ ਦਾ ਵੋਟ ਬੈਂਕ ਜ਼ਿਆਦਾ ਹੈ। ਅਜਿਹੇ 'ਚ ਬੀਜੇਪੀ ਕੋਈ ਵੀ ਵੱਡਾ ਸਿੱਖ ਚਹਿਰਾ ਆਪਣੇ ਨਾਲ ਜੋੜਨ 'ਚ ਵੀ ਨਾਕਾਮ ਰਹੀ। ਨਵਜੋਤ ਸਿੱਧੂ ਵੱਡਾ ਸਿੱਖਾਂ ਚਿਹਰਾ ਬੀਜੇਪੀ 'ਚ ਸੀ, ਪਰ ਅਕਾਲੀ ਦਲ ਨਾਲ ਤਾਲਮੇਲ ਨਾ ਬੈਠਣ ਕਾਰਨ ਉਨ੍ਹਾਂ ਵੀ ਬੀਜੇਪੀ ਦਾ ਹੱਥ ਛੱਡ ਦਿੱਤਾ। ਹੁਣ ਬੀਜੇਪੀ ਆਰਪੀ ਸਿੰਘ, ਤਜਿੰਦਰ ਬੱਗਾ ਤੇ ਬਖਸ਼ੀ ਵਰਗੇ ਚਿਹਰੇ ਅੱਗੇ ਕਰਨ 'ਚ ਲੱਗੀ ਹੈ।