ਚੰਡੀਗੜ੍ਹ: ਪੰਜਾਬ ਵਿੱਚ ਕਿਸਾਨ ਅੰਦੋਲਨ ਨੂੰ ਹੋਰ ਹੁਲਾਰਾ ਮਿਲਿਆ ਹੈ। ਹੁਣ ਸਰਕਾਰਾਂ ਲਈ ਨੀਤੀਆਂ ਘੜਨ ਵਾਲੇ ਹੀ ਖੇਤੀ ਕਾਨੂੰਨਾਂ ਖਿਲਾਫ ਡਟਣ ਲੱਗੇ ਹਨ। ਪੰਜਾਬ ਦੇ ਸਾਬਕਾ ਸੀਨੀਅਰ ਆਈਏਐਸ ਅਧਿਕਾਰੀਆਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਦਿਆਂ ਕਿਸਾਨ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ ਹੈ।

ਇਨ੍ਹਾਂ ਸਾਬਕਾ ਅਧਿਕਾਰੀਆਂ ਨੇ ਚੰਡੀਗੜ੍ਹ ਵਿੱਚ ਸੋਮਵਾਰ ਨੂੰ ਮੀਟਿੰਗ ਕਰਕੇ ਨਵੇਂ ਖੇਤੀ ਕਾਨੂੰਨਾਂ ਦੇ ਕਿਸਾਨੀ ਉਪਰ ਪੈਣ ਵਾਲੇ ਮਾਰੂ ਅਸਰਾਂ ’ਤੇ ਚਰਚਾ ਕੀਤੀ। ਇਸ ਮੌਕੇ ਸਬ-ਕਮੇਟੀ ਵੀ ਬਣਾਈ ਗਈ ਤਾਂ ਜੋ ਕਿਸਾਨ ਜਥੇਬੰਦੀਆਂ ਨਾਲ ਲੋੜੀਂਦਾ ਤਾਲਮੇਲ ਬਣਾਇਆ ਜਾ ਸਕੇ। ਇਸ ਦੌਰਾਨ ਅੰਦੋਲਨਕਾਰੀਆਂ ਦੀ ਮਾਨਸਿਕ ਤ੍ਰਿਪਤੀ ਤੇ ਬੌਧਿਕ ਸਿਰਜਨਾ ਲਈ ਕਿਤਾਬਾਂ, ਪੈਂਫਲਿਟ ਤੇ ਹੋਰ ਪੜ੍ਹਨਯੋਗ ਸਮੱਗਰੀ ਭੇਜਣ ਵਾਸਤੇ ਵਿਸ਼ੇਸ਼ ਮਤਾ ਪਾਸ ਕੀਤਾ ਗਿਆ।

ਮੀਟਿੰਗ ਵਿੱਚ ਸਵਰਨ ਸਿੰਘ ਬੋਪਾਰਾਏ, ਐਮਐਸ ਚਾਹਲ, ਰਮੇਸ਼ ਇੰਦਰ ਸਿੰਘ, ਕੇਐੱਸ ਸਿੱਧੂ, ਜੇਆਰ ਕੁੰਡਲ, ਕੁਲਬੀਰ ਸਿੰਘ ਸਿੱਧੂ, ਟੀਆਰ ਸਾਰੰਗਲ, ਕੁਲਬੀਰ ਸਿੰਘ, ਐਸਕੇ ਸੰਧੂ, ਐਸਆਰ ਲੱਧੜ, ਐਸਕੇ ਸਿੰਘ, ਸ਼ਿਵਦੁਲਾਰ ਸਿੰਘ ਢਿੱਲੋਂ, ਕਰਨਜੀਤ ਸਿੰਘ ਸਰਾਂ, ਹਰਕੇਸ਼ ਸਿੰਘ ਸਿੱਧੂ, ਬਲਵਿੰਦਰ ਸਿੰਘ ਮੁਲਤਾਨੀ, ਡੀਡੀ ਤਰਨਾਚ, ਸਤਵੰਤ ਸਿੰਘ ਜੌਹਲ ਸ਼ਾਮਲ ਸਨ।

ਸਾਬਕਾ ਅਧਿਕਾਰੀਆਂ ਨੇ ਪਿਛਲੇ 25 ਦਿਨਾਂ ਤੋਂ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ’ਤੇ ਚੱਲ ਰਹੇ ਸ਼ਾਂਤਮਈ ਅੰਦੋਲਨ ਤੇ ਕਿਸਾਨਾਂ ਵੱਲੋਂ ਵਿਖਾਏ ਜ਼ਬਤ, ਹੌਸਲੇ, ਚੜ੍ਹਦੀ ਕਲਾ ਤੇ ਭਾਈਚਾਰਕ ਸਾਂਝ ਦੀ ਪ੍ਰਸ਼ੰਸਾ ਕੀਤੀ। ਕਿਸਾਨ ਅੰਦੋਲਨ ਦੌਰਾਨ ‘ਸ਼ਹੀਦ’ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਨੂੰ ਨਿਯਮਾਂ ਅਧੀਨ ਬਣਦੀ ਵਿੱਤੀ ਸਹਾਇਤਾ ਫੌਰੀ ਦੇਣ ਦੀ ਅਪੀਲ ਕੀਤੀ।