ਲੁਧਿਆਣਾ: ਲੁਧਿਆਣਾ ਦੇ ਦੋ ਸਕੂਲਾਂ ਵਿੱਚ 20 ਵਿਦਿਆਰਥੀਆਂ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਮਾਪਿਆਂ 'ਚ ਡਰ ਦਾ ਮਾਹੌਲ ਹੈ। ਇਸ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਮਾਪਿਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸਕੂਲ ਸਿਰਫ ਉਹੀ ਬੰਦ ਕੀਤੇ ਜਾਣਗੇ ਜਿਥੇ ਕੋਰੋਨਾ ਦੇ ਮਾਮਲੇ ਆਉਣਗੇ। ਉਨ੍ਹਾਂ ਸਾਫ ਕਿਹਾ ਕਿ ਬਾਕੀ ਸਕੂਲਾਂ ਵਿੱਚ ਪੜ੍ਹਾਈ ਨਿਰੰਤਰ ਚੱਲਦੀ ਰਹੇਗੀ। ਹੁਣ ਵਿਦਿਆਰਥੀਆਂ ਦੇ ਜੋ ਟੈਸਟ ਹਨ ਉਹ ਆਰਟੀਪੀਸੀਆਰ ਟੈਸਟ ਕਿੱਟਾਂ ਰਾਹੀਂ ਕੀਤੇ ਜਾਣਗੇ। ਭਾਵੇਂ ਇੱਕ ਦਿਨ ਬਾਅਦ ਨਤੀਜੇ ਆ ਜਾਣਗੇ ਪਰ ਨਤੀਜੇ ਜ਼ਰੂਰ ਸਾਫ ਹੋਣਗੇ।
ਉਨ੍ਹਾਂ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਪ੍ਰਸ਼ਾਸਨ ਵਲੋਂ ਤਿਆਰੀਆਂ ਪੂਰੀਆਂ ਕੀਤੀਆਂ ਹਨ। ਖਾਸ ਤੌਰ 'ਤੇ ਬੱਚਿਆਂ ਲਈ ਕੋਰੋਨਾ ਦੇ ਸਪੈਸ਼ਲ ਵਾਰਡ ਵੀ ਬਣਾਏ ਗਏ ਹਨ ਅਤੇ ਹੋਰ ਵੀ ਪ੍ਰਬੰਧ ਮੁਕੰਮਲ ਹਨ। ਜਿਨ੍ਹਾਂ ਦੋ ਸਕੂਲਾਂ 'ਚ ਕੇਸ ਆਏ ਹਨ ਉਨ੍ਹਾਂ ਨੂੰ 14 ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਬਾਕੀ ਵਿਦਿਆਰਥੀਆਂ ਦੇ ਵੀ ਟੈਸਟ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਟੈਸਟ ਹੋਣਗੇ।
ਉਨ੍ਹਾਂ ਭਰੋਸਾ ਦਿੱਤਾ ਕਿ ਮਾਪੇ ਘਬਰਾਉਣ ਨਾ ਕਿਉਂਕਿ ਬੱਚਿਆਂ ਦੀ ਪੜ੍ਹਾਈ ਲਗਾਤਾਰ ਖਰਾਬ ਹੋ ਰਹੀ ਸੀ ਅਤੇ ਮੋਬਾਈਲ ਰਾਹੀਂ ਪੜ੍ਹਨਾ ਹਰ ਕਿਸੇ ਲਈ ਸੰਭਵ ਨਹੀਂ ਕਿਉਂਕਿ ਕਿਤੇ ਨੈੱਟਵਰਕ ਦੀ ਦਿੱਕਤ ਹੈ ਅਤੇ ਕਈਆਂ ਕੋਲ ਮੋਬਾਇਲ ਤੱਕ ਨਹੀਂ ਹਨ। ਇਸ ਕਰਕੇ ਲੰਬੇ ਸਮੇਂ ਬਾਅਦ ਸਕੂਲ ਵਿਦਿਆਰਥੀਆਂ ਲਈ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਸ ਇਸ ਤਰ੍ਹਾਂ ਵਧਦੇ ਹਨ ਜਾਂ ਲਗਾਤਾਰ ਸਾਹਮਣੇ ਆਉਣਗੇ ਤਾਂ ਸਕੂਲਾਂ ਸਬੰਧੀ ਸਿੱਖਿਆ ਵਿਭਾਗ ਨਾਲ ਮਿਲ ਕੇ ਅਗਲਾ ਫ਼ੈਸਲਾ ਲਿਆ ਜਾਵੇਗਾ।
ਉਥੇ ਹੀ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਪਹਿਲਾਂ ਹੀ ਕਾਫੀ ਮੁਸ਼ਕਲਾਂ ਨਾਲ ਸਕੂਲ ਖੁਲ੍ਹੇ ਸੀ। ਹੁਣ ਫਿਰ ਤੋਂ ਲੁਧਿਆਣਾ ਤੇ ਦੋ ਸਰਕਾਰੀ ਸਕੂਲਾਂ 'ਚ 20 ਬੱਚਿਆਂ ਦੀ ਰਿਪੋਰਟ ਕਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਮਾਪਿਆਂ ਦੇ ਚਿਹਰਿਆਂ 'ਤੇ ਚਿੰਤਾ ਵਿਖਾਈ ਦੇ ਰਹੀ ਹੈ।