ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ 'ਚ ਸੀਏਏ ਕਨੂੰਨ ਨੂੰ ਲੈ ਕੇ ਭੜਕੀ ਹਿੰਸਾ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ। ਇੱਥੋਂ ਦੇ ਵੱਖ-ਵੱਖ ਇਲਾਕਿਆਂ 'ਚੋਂ ਮੰਗਲਵਾਰ ਨੂੰ ਦਬਾਰਾ ਪਥਰਾਅ ਤੇ ਅਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਿਸ ਤੋਂ ਬਾਅਦ ਪੁਲਿਸ ਨੇ ਸਖਤੀ ਦਿਖਾਉਂਦਿਆਂ ਮੌਜਪੁਰ, ਜਾਫਰਾਬਾਦ, ਚਾਂਦ ਬਾਗ ਤੇ ਕਰਾਵਲ ਨਗਰ 'ਚ ਕਰਫਿਊ ਲਗਾ ਦਿੱਤਾ ਹੈ। ਲੋਕਾਂ ਨੂੰ ਬਿਨ੍ਹਾਂ ਕਿਸੇ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਿਕਲਣ ਤੋਂ ਮਨ੍ਹਾਂ ਕੀਤਾ ਗਿਆ ਹੈ।


ਦੰਗਾਕਾਰੀਆਂ ਨੂੰ ਗੋਲੀ ਮਾਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਹਿੰਸਾ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ 24 ਘੰਟਿਆਂ ਦਰਮਿਆਨ ਤਿੰਨ ਬੈਠਕਾਂ ਕਰ ਲਈਆਂ ਗਈਆਂ ਹਨ। ਪਹਿਲਾਂ 24 ਜਨਵਰੀ ਦੀ ਰਾਤ 10 ਵਜੇ ਤੋਂ 12.30 ਵਜੇ ਤੱਕ ਬੈਠਕ ਚੱਲੀ। ਇਸ ਤੋਂ ਬਾਅਦ ਵੀ ਦਿੱਲੀ ਹਿੰਸਾ ਨਹੀਂ ਰੁਕੀ।

ਗ੍ਰਹਿ ਮੰਤਰੀ ਨੇ ਇੱਕ ਵਾਰ ਫਿਰ ਦੁਪਹਿਰ ਕਰੀਬ 12 ਵਜੇ ਬੈਠਕ ਬੁਲਾਈ। ਇਸ ਤੋਂ ਬਾਅਦ ਇੱਕ ਹੋਰ ਤੀਸਰੀ ਬੈਠਕ ਕੀਤੀ ਗਈ। ਇਸ 'ਚ ਬੀਜੇਪੀ ਤੇ ਕਾਂਗਰਸ ਦੇ ਪ੍ਰਤੀਨਿਧੀਆਂ ਨੂੰ ਬੁਲਾਇਆ ਗਿਆ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਸਨ।